ਵਾਰਡ ਦੀ ਖਸਤਾ ਹਾਲ ਗਲੀ ਤੋਂ ਲੋਕ ਪ੍ਰੇਸ਼ਾਨ
ਸਰਬਜੀਤ ਸਿੰਘ ਭੱਟੀ
ਲਾਲੜੂ , 9 ਜੁਲਾਈ
ਲਾਲੜੂ ਦੇ ਵਾਰਡ ਨੰਬਰ 6 ਵਿੱਚ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਨਿਰੰਕਾਰੀ ਭਵਨ ਨੇੜਲੀ ਗਲੀ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ, ਜਿਸ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀਆਂ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਨ੍ਹਾਂ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਬੱਚੇ ਸਕੂਲ ਜਾਂਦੇ ਹਨ ਅਤੇ ਇਨ੍ਹਾਂ ਟੋਇਆਂ ਵਿੱਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਵਾਰਡ ਨਿਵਾਸੀ ਐਡਵੋਕੇਟ ਸੁਨੀਲ ਕੁਮਾਰ ਭੱਟੀ, ਅਸ਼ੋਕ ਕੁਮਾਰ, ਚਮੇਲ ਸਿੰਘ, ਮਨਦੀਪ ਰਾਣਾ ਲੱਕੀ, ਸੁਰਿੰਦਰ ਰਾਣਾ, ਬੰਟੀ ਰਾਣਾ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਛੇਤੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਤਾਂ ਵਾਰਡ ਵਾਸੀ ਕੌਂਸਲ ਦਫ਼ਤਰ ਅੱਗੇ ਪ੍ਰਦਰਸ਼ਨ ਕਰਨਗੇ।
ਨਗਰ ਕੌਂਸਲ ਦੇ ਏਐੱਮਈ ਹਰਦੀਪ ਸਿੰਘ ਨੇ ਕਿਹਾ ਗਲੀ ਦੀ ਛੇਤੀ ਹੀ ਮੁਰੰਮਤ ਕਰਵਾ ਦਿੱਤੀ ਜਾਵੇਗੀ।