ਜ਼ੀਰਕਪੁਰ ਫਲਾਈਓਵਰ ਹੇਠਾਂ ਲੱਗਦੇ ਜਾਮ ਤੋਂ ਲੋਕ ਔਖੇ
ਸ਼ਹਿਰ ਦੀ ਸੜਕਾਂ ’ਤੇ ਜਾਮ ਦੀ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸਿੱਟੇ ਵਜੋਂ ਇਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਮ ਦੀ ਸਭ ਤੋਂ ਵਧ ਸਮੱਸਿਆ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਉਸਾਰੇ ਫਲਾਈਓਵਰ ਥੱਲੇ ਸੜਕ ’ਤੇ ਬਣੀ ਰਹਿੰਦੀ ਹੈ। ਫਲਾਈਓਵਰ ਥੱਲੇ ਸੜਕ ਦੀ ਵਰਤੋਂ ਕਰਨ ਵਾਲੇ ਰਾਹਗੀਰਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਖੱਜਲ ਹੋਣਾ ਪੈਂਦਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿੱਚ ਲੰਮੇ ਸਮੇਂ ਤੋਂ ਜਾਮ ਇਕ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਦਾ ਹੱਲ ਕਰਨ ਵਿੱਚ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨ ਵਿੱਚ ਨਾਕਾਮ ਸਾਬਤ ਹੋਏ ਹਨ। ਸ਼ਹਿਰ ਵਿੱਚ ਜਾਮ ਦਾ ਮੁੱਖ ਕਾਰਨ ਇੱਥੋਂ ਲੰਘਣ ਵਾਲੀ ਜ਼ੀਰਕਪੁਰ, ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ-ਪਟਿਆਲਾ ਅਤੇ ਜ਼ੀਰਕਪੁਰ-ਸ਼ਿਮਲਾ ਸੜਕ ਹੈ। ਜਾਣਕਾਰੀ ਅਨੁਸਾਰ ਦਿੱਲੀ ਤੋਂ ਚੰਡੀਗੜ੍ਹ ਆਉਣ ਜਾਣ ਲਈ ਤਾਂ ਸੜਕ ’ਤੇ ਫਲਾਈਓਵਰ ਦੀ ਉਸਾਰੀ ਕਰ ਦਿੱਤੀ ਗਈ ਸੀ ਪਰ ਹਿਮਾਚਲ ਅਤੇ ਪੰਚਕੂਲਾ ਜਾਂ ਹਰਿਆਣਾ ਜਾਣ ਵਾਲੇ ਵਾਹਨਾਂ ਨੂੰ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਤੋਂ ਫਲਾਈਓਵਰ ਦੇ ਥੱਲਿਓਂ ਸੜਕ ਰਾਹੀਂ ਲੰਘਣਾ ਪੈਂਦਾ ਹੈ। ਇਨ੍ਹਾਂ ਵਾਹਨਾਂ ਦੀ ਤਾਦਾਤ ਵੱਧ ਹੋਣ ਕਾਰਨ ਇਹ ਆਵਾਜਾਈ ਪਟਿਆਲਾ ਅਤੇ ਕਾਲਕਾ ਚੌਕ ’ਤੇ ਫਸ ਜਾਂਦੀ ਹੈ। ਸਿੱਟੇ ਵਜੋਂ ਇੱਥੇ ਜਾਮ ਲੱਗਦਾ ਹੈ।
ਇਸ ਤੋਂ ਇਲਾਵਾ ਹਿਮਾਚਲ, ਹਰਿਆਣਾ ਜਾਂ ਪੰਚਕੂਲਾ ਸੜਕ ਤੋਂ ਚੰਡੀਗੜ੍ਹ ਜਾਣ ਲਈ ਵੀ ਫਲਾਈਓਵਰ ਦੇ ਹੇਠਾਂ ਸੜਕ ਦੀ ਵਰਤੋਂ ਕਰਕੇ ਲੰਘਣਾ ਪੈਂਦਾ ਹੈ। ਇਸ ਦਾ ਭਾਰ ਵੀ ਕਾਲਕਾ ਚੌਕ ’ਤੇ ਪੈਂਦਾ ਹੈ। ਇੱਥੇ ਹਰ ਵੇਲੇ ਵਾਹਨਾਂ ਦਾ ਘੜਮੱਸ ਰਹਿੰਦਾ ਹੈ ਅਤੇ ਸੜਕ ’ਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ।
ਜ਼ੀਰਕਪੁਰ ਵਿੱਚ ਜਾਮ ਦੀ ਸਮੱਸਿਆ ਦੇ ਹੱਲ ਲਈ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੇਲੇ 200 ਫੁੱਟੀ ਏਅਰੋਸਿਟੀ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਯੋਜਨਾ ਮੁਤਾਬਕ ਇਹ ਸੜਕ ਜ਼ੀਰਕਪੁਰ ਨੂੰ ਖਰੜ ਅਤੇ ਪੰਚਕੂਲਾ ਨਾਲ ਜੋੜਨ ਲਈ ਤਿਆਰ ਕੀਤੀ ਗਈ ਸੀ ਜਿਸ ਨੇ ਜ਼ੀਰਕਪੁਰ ਤੋਂ ਹੋ ਕੇ ਪੰਜਾਬ ਅਤੇ ਹਿਮਾਚਲ ਅਤੇ ਹਰਿਆਣਾ ਜਾਣ ਵਾਲੀ ਆਵਾਜਾਈ ਲਈ ਇਕ ਬਾਈਪਾਸ ਦਾ ਕੰਮ ਕਰਨਾ ਸੀ ਪਰ ਇਹ ਸੜਕ ਹਾਲੇ ਤੱਕ ਪੂਰੀ ਨਹੀਂ ਹੋਈ। ਇਹ ਸੜਕ ਹਾਲੇ ਤੱਕ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਤੋਂ ਪੰਜਾਬ ਜਾਣ ਵਾਲੀ ਆਵਾਜਾਈ ਲਈ ਖਰੜ ਤੱਕ ਤਾਂ ਬਣ ਗਈ ਸੀ ਪਰ ਹਿਮਾਚਲ ਅਤੇ ਹਰਿਆਣਾ ਜਾਣ ਵਾਲੀ ਆਵਾਜਾਈ ਇਸ ਦਾ ਪੰਚਕੂਲਾ ਤੱਕ ਉਸਾਰੀ ਕੀਤਾ ਜਾਣ ਵਾਲਾ ਕੰਮ ਹਾਲੇ ਵਿਚਾਲੇ ਹੀ ਲਟਕ ਰਿਹਾ ਹੈ। ਇਸ ਦਾ ਕੰਮ ਪੂਰਾ ਹੋਣ ਮਗਰੋਂ ਹੀ ਸ਼ਹਿਰ ਵਿੱਚ ਜਾਮ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।