ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ਸਭਿਆਚਾਰ ਦੇ ਰੰਗ ’ਚ ਰੰਗਿਆ ਪੀਸੀਏ ਸਟੇਡੀਅਮ

ਦਰਸ਼ਕਾਂ ਨੇ ‘ਪੰਜਾਬੀ ਆ ਗਏ ਉਏ’ ਤੇ ਹੋਰ ਗੀਤਾਂ ’ਤੇ ਪਾਏ ਭੰਗੜੇ; ਪ੍ਰੀਤੀ ਜ਼ਿੰਟਾ ਨੇ ਵੰਡੀਆਂ ਟੀ-ਸ਼ਰਟਾਂ
ਦਰਸ਼ਕਾਂ ਨੂੰ ਆਪਣੀ ਟੀਮ ਦੀਆਂ ਟੀ-ਸ਼ਰਟਾਂ ਵੰਡਦੀ ਹੋਈ ਪ੍ਰੀਤੀ ਜ਼ਿੰਟਾ। -ਫੋਟੋ: ਰਵੀ ਕੁਮਾਰ
Advertisement

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ (ਮੁਹਾਲੀ), 20 ਅਪਰੈਲ

Advertisement

ਇੱਥੇ ਆਈਪੀਐੱਲ ਮੈਚ ਦੌਰਾਨ ਅੱਜ ਨਿਊ ਚੰਡੀਗੜ੍ਹ ਦਾ ਪੀਸੀਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਪੰਜਾਬ ਕਿੰਗਜ਼ ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ ਦਰਮਿਆਨ ਖੇਡੇ ਮੈਚ ਦੌਰਾਨ ‘ਪੰਜਾਬੀ ਆ ਗਏ ਓਏ’ ਸਮੇਤ ਹੋਰ ਪੰਜਾਬੀ ਗੀਤਾਂ ਨੇ ਦਰਸ਼ਕ ਖੂਬ ਨਚਾਏ। ਮੈਚ ਦੀ ਪਹਿਲੀ ਪਾਰੀ ਖ਼ਤਮ ਹੁੰਦਿਆਂ ਹੀ ਭੰਗੜੇ ਦੀਆਂ ਟੋਲੀਆਂ ਨੇ ਪੰਜਾਬੀ ਪਹਿਰਾਵੇ ਵਿਚ ਢੋਲੀਆਂ ਸਮੇਤ ਸਟੇਡੀਅਮ ਦੀ ਪਿੱਚ ਉੱਤੇ ਭੰਗੜਾ ਪਾ ਕੇ ਖ਼ੂਬ ਰੰਗ ਬੰਨ੍ਹਿਆ। ਆਈਪੀਐੱਲ ਦੇ ਇਸ ਸੀਜ਼ਨ ਦਾ ਇੱਥੇ ਸਟੇਡੀਅਮ ਵਿੱਚ ਖੇਡਿਆ ਜਾਣ ਵਾਲਾ ਇਹ ਆਖ਼ਰੀ ਮੈਚ ਸੀ। ਤਿੱਖੀ ਧੁੱਪ ਨਾਲ ਸ਼ੁਰੂ ਹੋਏ ਮੈਚ ਤੋਂ ਕੁੱਝ ਸਮਾਂ ਬਾਅਦ ਹੀ ਬੱਦਲਵਾਈ ਹੋਣ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਅਤੇ ਤੀਹ ਹਜ਼ਾਰ ਤੋਂ ਵੱਧ ਸਮਰੱਥਾ ਵਾਲੇ ਖਚਾ-ਖਚਾ ਭਰੇ ਸਟੇਡੀਅਮ ਵਿਚ ਦਰਸ਼ਕਾਂ ਨੇ ਮੈਚ ਦਾ ਖ਼ੂਬ ਆਨੰਦ ਮਾਣਿਆ।

ਇੱਥੇ ਆਖਰੀ ਮੈਚ ਹੋਣ ਕਾਰਨ ਸਟੇਡੀਅਮ ਅੰਦਰ ਮੁਫ਼ਤਖੋਰੇ ਦਰਸ਼ਕਾਂ ਦੀ ਵੀ ਭਰਮਾਰ ਰਹੀ। ਟਿਕਟਾਂ ਲੈਣ ਵਾਲੇ ਕਈ ਦਰਸ਼ਕ ਵੀ ਆਪਣੀਆਂ ਸੀਟਾਂ ਲਈ ਪਹਿਲਾਂ ਸੀਟਾਂ ਮੱਲੀ ਬੈਠੇ ਦਰਸ਼ਕਾਂ ਨਾਲ ਖਹਿਬੜਦੇ ਨਜ਼ਰ ਆਏ।

ਆਰਸੀਬੀ ਟੀਮ ਤੇ ਬੱਲੇਬਾਜ਼ ਵਿਰਾਟ ਕੋਹਲੀ ਦੇ ਵੱਡੀ ਗਿਣਤੀ ਦਰਸ਼ਕ ਸਟੇਡੀਅਮ ਵਿਚ ਮੌਜੂਦ ਸਨ। ਉਹ ਆਰਸੀਬੀ ਦਾ ਹੌਸਲਾ ਵਧਾਉਂਦੇ ਰਹੇ। ਪੰਜਾਬ ਕਿੰਗਜ਼ ਦੇ ਹਮਾਇਤੀ ਵੀ ਕਿਲਕਾਰੀਆਂ ਮਾਰ ਕੇ ਖ਼ਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਸਨ। ਪੰਜਾਬ ਕਿੰਗਜ਼ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੇ ਦਰਸ਼ਕਾਂ ਨੂੰ ਟੀ-ਸ਼ਰਟਾਂ ਵੰਡੀਆਂ। ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਰਸ਼ਦੀਪ ਦੇ ਨਾਮ ਅਤੇ ਨੰਬਰਾਂ ਵਾਲੀਆਂ ਟੀ-ਸ਼ਰਟਾਂ ਵਾਲੇ ਦਰਸ਼ਕਾਂ ਦੀ ਵੀ ਮੈਚ ਵਿਚ ਕਾਫ਼ੀ ਭਰਮਾਰ ਸੀ।

 

ਸਟੇਡੀਅਮ ਅੱਗੇ ਸੜਕ ’ਤੇ ਲੱਗੇ ਜਾਮ ਕਾਰਨ ਰਾਹਗੀਰ ਪ੍ਰੇਸ਼ਾਨ

ਪਿੰਡ ਤੀੜਾ ਵਿੱਚ ਪੀਸੀਏ ਸਟੇਡੀਅਮ ਅੱਗੇ ਸੜਕ ’ਤੇ ਲੱਗਿਆ ਜਾਮ। -ਫੋਟੋ: ਚੰਨੀ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਸਟੇਡੀਅਮ ਦੇ ਅੱਗਿਓਂ ਇੱਕ ਪਾਸੇ ਦੀ ਆਵਾਜਾਈ ਬੰਦ ਹੋਣ ਕਾਰਨ ਮੈਚ ਤੋਂ ਪਹਿਲਾਂ ਅਤੇ ਬਾਅਦ ਵਿਚ ਜਾਮ ਵਰਗੀ ਸਥਿਤੀ ਬਣੀ ਰਹੀ ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਨੂੰ ਵਾਪਸੀ ਸਮੇਂ ਸੜਕ ਉੱਤੇ ਚੜ੍ਹਨ ਲਈ ਲੰਮਾ ਇੰਤਜ਼ਾਰ ਕਰਨਾ ਪਿਆ। ਸਟੇਡੀਅਮ ਅੰਦਰ ਖਾਣ-ਪੀਣ ਦੀਆਂ ਵਸਤਾਂ ਲਿਜਾਣ ਦੀ ਮਨਾਹੀ ਕਾਰਨ ਦਰਸ਼ਕਾਂ ਨੂੰ ਸਟੇਡੀਅਮ ਅੰਦਰ ਮਹਿੰਗੇ ਮੁੱਲ ਦੀਆਂ ਵਸਤਾਂ ਖਰੀਦਣ ਲਈ ਮਜਬੂਰ ਹੋਣਾ ਪਿਆ। ਚਿਹਰੇ ’ਤੇ ਟੀਮਾਂ ਦੇ ਟੈਟੂ ਬਣਾਉਣ ਵਾਲਿਆਂ ਨੇ ਵੀ ਖ਼ੂਬ ਕਮਾਈ ਕੀਤੀ। ਪੁਲੀਸ ਦੇ ਉੱਚ ਅਧਿਕਾਰੀ ਮੈਚ ਦੇ ਪ੍ਰਬੰਧਾਂ ਦੀ ਖ਼ੁਦ ਨਿਗਰਾਨੀ ਕਰਦੇ ਰਹੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਇੱਥੇ ਕਰੀਬ ਦੋ ਹਜ਼ਾਰ ਤੋਂ ਵੱਧ ਕਰਮਚਾਰੀ ਤਾਇਨਾਤ ਸਨ। ਮੈਚ ਦੀ ਸਮਾਪਤੀ ਮਗਰੋਂ ਸਟੇਡੀਅਮ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਥ ਟੈਕਨੀਕਲ ਟਰੇਨਿੰਗ ਸੁਸਾਇਟੀ ਚੰਡੀਗੜ੍ਹ ਦੀ ਸੰਚਾਲਕ ਡਾਕਟਰ ਸੰਗੀਤਾ ਨੇ ਦੱਸਿਆ ਕਿ ਪੀਸੀਏ ਪ੍ਰਬੰਧਕਾਂ ਵੱਲੋਂ ਸੁਸਾਇਟੀ ਦੇ ਬੱਚਿਆਂ ਨੂੰ ਮੁਫਤ ਮੈਚ ਦਿਖਾਇਆ ਗਿਆ। ਸਟੇਡੀਅਮ ਅੰਦਰ ਪਾਰਕਿੰਗ ਦੀ ਸਹੂਲਤ ਦੀ ਘਾਟ ਕਾਰਨ ਪਿੰਡ ਤੀੜਾ, ਚਾਹੜ ਮਾਜਰਾ, ਬਾਂਸੇਪੁਰ, ਤੋਗਾਂ ਦੇ ਕੁੱਝ ਵਿਅਕਤੀਆਂ ਨੇ ਸਟੇਡੀਅਮ ਨੇੜਲੇ ਖੇਤਾਂ ਵਿੱਚ ਪਾਰਕਿੰਗਾਂ ਬਣਾ ਕੇ ਚੰਗੀ ਕਮਾਈ ਕੀਤੀ।

Advertisement