ਪਟਿਆਲਾ ਕੀ ਰਾਓ ਦੀ ਮਾਰ ਕਾਰਨ ਡੱਡੂਮਾਜਰਾ ਦੀਆਂ ਫਸਲਾਂ ਨੁਕਸਾਨੀਆਂ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪਿਛਲੇ ਦਿਨ ਪਏ ਭਾਰੀ ਮੀਂਹ ਕਰਕੇ ਪਟਿਆਲਾ ਕੀ ਰਾਓ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਹ ਪਾਣੀ ਚੰਡੀਗੜ੍ਹ ਸਥਿਤ ਪਿੰਡ ਡੱਡੂਮਾਜਰਾ ਦੇ ਖੇਤਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਰਕੇ ਡੱਡੂਮਾਜਰਾ ਵਿੱਚ ਲੋਕਾਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਕਈ ਪਸ਼ੂਆਂ ਦੇ ਵਾੜਿਆਂ ਵਿੱਚ ਵੀ ਪਾਣੀ ਭਰ ਗਿਆ ਹੈ। ਅੱਜ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪਟਿਆਲਾ ਕੀ ਰਾਓ ਕੰਢੇ ਸਥਿਤ ਡੱਡੂਮਾਜਰੇ ਦੇ ਖੇਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਚੰਡੀਗੜ੍ਹ ਸਟੇਟ ਕੋਅਪ੍ਰੇਟਿਵ ਬੈਂਸ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਸਿੱਧੂ ਅਤੇ ਕੌਂਸਲਰ ਕੁਲਜੀਤ ਸਿੰਘ ਸੰਧੂ ਵੀ ਮੌਜੂਦ ਰਹੇ।
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਡੱਡੂਮਾਜਰੇ ਦੇ ਖੇਤਾਂ ਵਿਖੇ ਦਲ-ਦਲ ਵਿੱਚ ਫਸੇ ਪਸ਼ੂਆਂ ਨੂੰ ਬਾਹਰ ਕਢਵਾਇਆ। ਇਸ ਦੇ ਨਾਲ ਹੀ ਇਲਾਕੇ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਰਾਜ ਸਭਾ ਮੈਂਬਰ ਨੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਨੂੰ ਪਟਿਆਲਾ ਕੀ ਰਾਓ ਦੇ ਨਜ਼ਦੀਕ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕਰਕੇ ਦੇਣ ਦਾ ਭਰੋਸਾ ਦਿੱਤਾ।
ਸ੍ਰੀ ਸੰਧੂ ਵੱਲੋਂ ਧਨਾਸ ਸਥਿਤ ਡਬਲ ਸਟੋਰੀ ਪਾਰਕ ਦਾ ਵੀ ਦੌਰਾ ਕੀਤਾ। ਜਿੱਥੇ ਲੋਕਾਂ ਨੇ ਕਿਹਾ ਕਿ ਡੰਪਿੰਗ ਗਰਾਊਂਡ ਕਰਕੇ ਪਾਰਕ ਦੀ ਹਾਲਤ ਵੀ ਮਾੜੀ ਹੁੰਦੀ ਜਾ ਰਹੀ ਹੈ। ਸ੍ਰੀ ਸੰਧੂ ਨੇ ਉਸ ਨੂੰ ਸਾਫ ਕਰਵਾਉਣ ਦਾ ਭਰੋਸਾ ਦਿੱਤਾ।
ਸੁਖਨਾ ਝੀਲ ਦੇ ਦੋਵੇਂ ਫਲੱਡ ਗੇਟ 15 ਘੰਟੇ ਬਾਅਦ ਕੀਤੇ ਬੰਦ
ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੋ ਫਲੱਡ ਗੇਟ 15 ਘੰਟਿਆਂ ਬਾਅਦ ਬੁੱਧਵਾਰ ਦੇਰ ਰਾਤ 11 ਵਜੇ ਦੇ ਕਰੀਬ ਬੰਦ ਕਰ ਦਿੱਤੇ ਗਏ। ਇਸ ਸਮੇਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162 ਫੁੱਟ ਸੀ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਇਕ ਫੁੱਟ ਹੇਠਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 24 ਘੰਟੇ ਝੀਲ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਝੀਲ ਵਿੱਚ ਪਾਣੀ ਵਧਦਾ ਹੈ ਤਾਂ ਮੁੜ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ। ਪਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ 0.9 ਐੱਮਐੱਮ, ਮੁਹਾਲੀ ਵਿੱਚ 0.5 ਐੱਮਐੱਮ ਪਿਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪਟਿਆਲਾ ਕੀ ਰਾਓ ਨਦੀ ਦਾ ਵੱਡਾ ਹਿੱਸਾ ਰੁੜਿ੍ਹਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਲਗਾਤਾਰ ਹੋਈ ਬਹੁਤ ਜ਼ਿਆਦਾ ਬਾਰਸ਼ ਕਾਰਨ ਪਹਾੜੀ ਖੇਤਰ ਸਿਸਵਾਂ, ਮੁੱਲਾਂਪੁਰ ਗਰੀਬਦਾਸ, ਜੈਂਤੀ ਮਾਜਰੀ, ਗੁੜਾ-ਕਸੌਲੀ, ਪੜੌਲ, ਪਟਿਆਲਾ ਦੀ ਰਾਉ ਨਵਾਂ ਗਰਾਉਂ ਨਾਲ ਜੁੜਦੀਆਂ ਨਦੀਆਂ, ਨਾਲਿਆਂ ਵਿੱਚ ਬਹੁਤ ਬਰਸਾਤੀ ਪਾਣੀ ਆਇਆ। ਨਵਾਂ ਗਰਾਉਂ ਕੋਲੋਂ ਲੰਘਦੀ ਪਟਿਆਲਾ ਕੀ ਰਾਉ ਨਦੀ ਦਾ ਇੱਕ ਪਾਸੇ ਦਾ ਕਾਫੀ ਲੰਮੀ ਤੇ ਚੌੜੀ ਹਿੱਸੇ ਵਾਲੀ ਢਾਂਗ ਖੁਰ ਗਈ ਅਤੇ ਕਰੀਬ ਪੰਦਰਾ ਫੁਟੀ ਸੜਕ ਵਿੱਚੋਂ ਸਿਰਫ ਤਿੰਨ ਕੁ ਫੁੱਟ ਰਸਤਾ ਬਚਿਆ ਸੀ।