ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਚ ਵਰਕ ਸ਼ੁਰੂ
ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ 350ਵੇਂ ਸ਼ਹੀਦੀ ਦਿਹਾੜਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਉਣ ਲਈ ਪੰਜਾਬ ਸਰਕਾਰ ਨੇ ਤਿਆਰੀਆਂ ਵੱਡੇ ਪੱੱਧਰ ਤੇ ਸ਼ੁਰੂ ਕੀਤੀਆਂ ਹਨ। ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਸੜਕ ਤੇ ਜਿਥੇ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਨੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਨੂੰ ਚਾਰ ਮਾਰਗੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸੜਕ ਤੇ ਪੈਚ ਵਰਕ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਸੰਗਤਾਂ ਨੂੰ ਕੋਈ ਮਸ਼ਕਲ ਪੇਸ਼ ਨਾ ਆਵੇ। ਝੱਜ ਚੌਕ ਤੋਂ ਨੂਰਪੁਰ ਬੇਦੀ ਅਤੇ ਰੂਪਨਗਰ ਸੜਕ ਤੇ ਵੀ ਪੈਚ ਵਰਕ ਕੀਤਾ ਗਿਆ ਹੈ। ਕਲਵਾਂ ਮੌੜ ਤੋਂ ਨੰਗਲ ਸੜਕ ਤੇ ਵੀ ਵੱਡੀ ਪੱਧਰ ਤੇ ਸੰਗਤਾਂ ਆਨੰਦਪੁਰ ਸਾਹਿਬ ਗੁਰਦਵਾਰਿਆਂ ਦੇ ਦਰਸ਼ਨ ਕਰਨ ਆਉਦੀਆਂ ਹਨ ਪਰ ਇਸ ਸੜਕ ਦੀ ਹਾਲਤ ਮਾੜੀ ਹੈ। ਲੋਕਾਂ ਦੀ ਮੰਗ ਹੈ ਕਿ ਇਥੇ ਵੀ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਆ ਆਵੇ। ਇਸੇ ਦੌਰਾਨ ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਸੜਕ ਤੇ ਸੰਗਤਪੁਰ ਨਜ਼ਦੀਕ ਸਤਲੁਜ ਨਦੀ ਦੇ ਪੈਂਦੇ ਸੰਤ ਮਹਿੰਦਰ ਸਿੰਘ ਹਰਖੋਵਾਲ ਪੁਲ ਤੇ ਸੰਗਤਾਂ ਲਈ ਨਵੀਂ ਸੜਕ ਬਣਾਈ ਗਈ ਹੈ। ਇਸ ਪੁਲ ’ਤੇ ਨਵੀਂਆਂ ਲਾਈਟਾਂ ਲਗਾਈਆਂ ਗਈਆ ਹਨ। ਦੱਸਣਯੋਗ ਹੈ ਕਿ ਸ਼ਹੀਦੀ ਸਤਾਬਤੀ ਮੌਕੇ ਸ੍ਰੀ ਅੰਮ੍ਰਿਤਸਰ ਤੋਂ ਇਸ ਸੜਕ ਤੇ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਲਈ ਆਉਣਗੇ। ਸਰਕਾਰ ਵੱਲੋਂ ਸੰਗਤਾਂ ਦੀ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਡੱਬੀ --- ਸ਼ਹੀਦੀ ਸਮਾਗਮਾਂ ਮੌਕੇ ਸੜਕਾਂ ਤੇ ਚੱਲਣ ਵਾਲੇ ਟਿੱਪਰਾਂ ਦੇ ਪਾਬੰਦੀ ਲਾਉਣ ਦੀ ਮੰਗ
ਲੋਕਾਂ ਨੇ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਸੜਕ ’ਤੇ ਹੈਵੀ ਟਰਾਲਿਆਂ ਤੇ ਟਿੱਪਰਾਂ ਦੀ ਆਵਾਜਾਈ ਦੀ ਆਵਜਾਈ ’ਤੇ ਪਾਬੰਦੀ ਦੀ ਮੰਗ ਕੀਤੀ ਹੈ। ਇਸ ਇਲਾਕੇ ’ਚ ਕਰੱਸ਼ਰ ਇੰਡਸਟਰੀ ਜ਼ਿਆਦਾ ਹੋਣ ਕਾਰਨ ਟਿੱਪਰਾਂ ਦੀ ਆਵਾਜਾਈ ਵੱਧ ਹੈ ਤੇ ਟਿੱਪਰ ਆਗੰਮਪੁਰ, ਸੈਦਪੁਰ, ਸੰਗਤਪੁਰ ਜ਼ੋਨ ਤੋਂ ਮਾਲ ਲੈ ਕੇ ਵੱਖ-ਵੱਖ ਸ਼ਹਿਰਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਹੋ ਕੇ ਜਾਂਦੇ ਹਨ। ਇਲਾਕੇ ਦੇ ਲੋਕਾਂ ਨੇ ਡੀ ਸੀ ਰੂਪਨਗਰ ਵਰਜੀਤ ਵਾਲੀਆ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ ਦੇ ਚੱਲਣ ਵਾਲੇ ਟਿੱਪਰਾਂ ਤੇ ਹੈਵੀ ਵਾਹਨਾਂ ’ਤੇ 21 ਤੋਂ 29 ਨਵੰਬਰ ਤੱਕ ਮੁਕੰਮਲ ਪਾਬੰਦੀ ਲਾਈ ਜਾਵੇ ਤਾਂ ਜੋ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ।
