ਮੁਹਾਲੀ ਦੀਆਂ ਟੁੱਟੀਆਂ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ
ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਟੁੱਟੀਆਂ ਅਤੇ ਸੀਵਰੇਜ ਤੇ ਪਾਣੀ ਦੀ ਨਿਕਾਸੀ ਲਾਇਨਾਂ ਕਾਰਨ ਧਸੀਆਂ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਗਮਾਡਾ ਅਤੇ ਨਗਰ ਨਿਗਮ ਵੱਲੋਂ ਇਨ੍ਹਾਂ ਬਹੁਤ ਸਾਰੇ ਟੋਇਆਂ ਦੇ ਆਲੇ ਦੁਆਲੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਰੱਸੀਆਂ ਬੰਨ ਕੇ ਬੋਰਡ ਖੜ੍ਹੇ ਕੀਤੇ ਹੋਏ ਹਨ। ਕਈਂ ਥਾਵਾਂ ’ਤੇ ਸੜਕਾਂ ਦੇ ਡੂੰਘੇ ਟੋਇਆ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਮੁਹਾਲੀ ਦੇ ਸੀਪੀ-67 ਮਾਲ ਨੇੜਲੇ ਚੌਕ ਉੱਤੇ ਲਾਈਨਾਂ ਧਸਣ ਕਾਰਨ ਧਸੀ ਸੜਕ ਦੀ ਹਾਲੇ ਤੱਕ ਮੁਰੰਮਤ ਨਹੀਂ ਹੋ ਸਕੀ। ਇਸੇ ਚੌਕ ਦੀਆਂ ਲਾਈਟਾਂ ਦੇ ਦੋਵੇਂ ਪਾਸੇ ਲਾਈਨਾਂ ਦੀ ਮੁਰੰਮਤ ਕਾਰਨ ਸੜਕ ਪੁੱਟੀ ਗਈ ਹੈ ਅਤੇ ਰੱਸੀਆਂ ਬੰਨ ਕੇ ਰੁਕਾਵਟ ਖੜ੍ਹੀ ਕੀਤੀ ਗਈ ਹੈ। ਇੱਥੇ ਭਾਰੀ ਆਵਾਜਾਈ ਹੋਣ ਕਾਰਨ ਆਵਾਜਾਈ ਵਿਚ ਬਹੁਤ ਵਿਘਨ ਪੈ ਰਿਹਾ ਹੈ ਅਤੇ ਰਾਹਗੀਰਾਂ ਦੇ ਵਾਹਨ ਰੈੱਡ ਲਾਈਟ ਹੋਣ ’ਤੇ ਵੀ ਚੌਕ ਦੇ ਵਿਚਾਲੇ ਫ਼ਸੇ ਰਹਿੰਦੇ ਹਨ। ਇਸੇ ਤਰ੍ਹਾਂ ਫੇਜ਼ ਗਿਆਰਾਂ ਦੀਆਂ ਅੰਦਰੂਨੀ ਸੜਕਾਂ ਧਸਣ ਦੀ ਹਾਲੇ ਤੱਕ ਮੁਰੰਮਤ ਨਹੀਂ ਹੋਈ। ਮੁਹਾਲੀ ਦੇ ਸੈਕਟਰ 100 ਅਤੇ 104 ਨੂੰ ਜਾਂਦੀ ਸੜਕ ਪਿੰਡ ਸੁਖਗੜ੍ਹ ਨੇੜੇ ਪਾਣੀ ਨੇ ਬੁਰੀ ਤਰ੍ਹਾਂ ਤੋੜ ਦਿੱਤੀ ਹੈ। ਇਸ ਸੜਕ ਵਿਚ ਤਿੰਨ ਫੁੱਟ ਦੇ ਕਰੀਬ ਟੋਆ ਪੈ ਗਿਆ ਹੈ। ਪਾਣੀ ਵਿਚ ਟੋਆ ਨਾ ਦਿੱਸਣ ਕਾਰਨ ਦੋਪਹੀਆ ਵਾਹਨ ਟੋਇਆਂ ਵਿੱਚ ਹੀ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੁੰਦੇ ਰਹੇ ਹਨ। ਟੋਏ ਕਾਰਨ ਮੁੱਖ ਸੜਕ ਤੇ ਆਵਾਜਾਈ ਬੰਦ ਹੈ ਤੇ ਲੋਕਾਂ ਨੂੰ ਸਰਵਿਸ ਰੋਡਾਂ ਤੋਂ ਲੰਘਣਾ ਪੈ ਰਿਹਾ ਹੈ।
ਨਿਕਾਸੀ ਪਾਣੀ ਦੀ ਲਾਈਨ ਨਾ ਜੋੜਨ ਕਾਰਨ ਰੇਲਵੇ ਲਾਈਨ ਨੂੰ ਖ਼ਤਰਾ
ਸੈਕਟਰ 100 ਅਤੇ 104 ਦੇ ਵਿਚਾਲਿਉਂ ਮੁਹਾਲੀ ਦੇ ਕਈ ਸੈਕਟਰਾਂ ਦੇ ਪਾਣੀ ਦੇ ਨਿਕਾਸ ਲਈ ਪਾਈ ਹੋਈ ਲਾਈਨ ਨੂੰ ਮੁਹਾਲੀ ਤੋਂ ਸਨੇਟੇ ਵੱਲ ਜਾ ਰਹੀ ਰੇਲਵੇ ਲਾਈਨ ਹੇਠਲੀ ਪੁਲੀ ਨਾਲ ਨਾ ਜੋੜੇ ਕਾਰਨ ਇੱਥੇ ਵੱਡੀ ਮਾਤਰਾ ਵਿੱਚ ਵਹਿੰਦੇ ਪਾਣੀ ਨੇ ਸੜਕ ਨੂੰ ਵੱਡਾ ਖੋਰਾ ਲਾ ਦਿੱਤਾ ਹੈ। ਇਸੇ ਤਰਾਂ ਇਹ ਪਾਣੀ ਰੇਲਵੇ ਲਾਈਨ ਦੀ ਮਿੱਟੀ ਨੂੰ ਵੀ ਖ਼ੋਰ ਰਿਹਾ ਹੈ। ਲੋਕਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਖੁੱਲ੍ਹੇ ਵਿੱਚ ਵਹਿ ਰਿਹਾ ਪਾਣੀ ਰੇਲਵੇ ਲਾਈਨ ਲਈ ਖ਼ਤਰਾ ਬਣ ਸਕਦਾ ਹੈ ਅਤੇ ਵੱਡੇ ਹਾਦਸੇ ਦਾ ਵੀ ਡਰ ਹੈ। ਉਨ੍ਹਾਂ ਗਮਾਡਾ ਨੂੰ ਤੁਰੰਤ ਕਈ ਵਰ੍ਹਿਆਂ ਤੋਂ ਪਾਈ ਹੋਈ ਇਸ ਲਾਈਨ ਨੂੰ ਰੇਲਵੇ ਲਾਈਨ ਹੇਠਲੀ ਪੁਲੀ ਨਾਲ ਜੋੜਨ ਦੀ ਮੰਗ ਕੀਤੀ ਹੈ।