ਟਿੱਪਰਾਂ ਦੀ ‘ਨੋ ਐਂਟਰੀ’ ਕਾਰਨ ਧਿਰਾਂ ਆਹਮੋ-ਸਾਹਮਣੇ
ਕਾਹਨਪੁਰ ਖੂਹੀ ਤੋਂ ਭੰਗਲ ਜਾਣ ਵਾਲੀ ਮੇਨ ਸੜਕ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੈਵੀ ਟਿੱਪਰ ਟਰਾਲਿਆਂ ’ਤੇ ਲਗਾਈ ਪਾਬੰਦੀ ਨੂੰ ਲੈ ਕੇ ਪਿੰਡਾਂ ਦੇ ਲੋਕ ਤੇ ਟਿੱਪਰ ਮਾਲਕ, ਸਟੋਨ ਕਰੱਸ਼ਰ ਮਾਲਕ ਆਹਮੋ ਸਾਹਮਣੇ ਹੋ ਗਏ ਹਨ। ਸਟੋਨ ਕਰੱਸ਼ਰ ਮਾਲਕਾਂ ਦਾ ਕਹਿਣਾ ਹੈ ਕਿ ਦਿਨ ਵੇਲੇ ਟਿੱਪਰਾਂ ਦੀ ‘ਨੋ ਐਂਟਰੀ’ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਘਾਟਾ ਚੱਲਣਾ ਪੈ ਰਿਹਾ ਹੈ। ਦੂਜੇ ਪਾਸੇ ਇਸ ਸੜਕ ’ਤੇ ਵਸੇ ਪਿੰਡ ਕਾਹਨਪੁਰ ਖੂਹੀ, ਭਨੂੰਹਾਂ, ਸਮੂੰਦੜੀਆਂ, ਪਲਾਟਾ, ਸਪਲਾਮਾਂ ਅਤੇ ਖੇੜਾ ਕਲਮੌਟ ਦੇ ਵਾਸੀਆਂ ਦਾ ਕਹਿਣਾ ਹੈ ਕਿ ਹੈਵੀ ਲੋਡ ਟਿੱਪਰਾਂ ਦੇ ਚੱਲਣ ਨਾਲ ਜਿਥੇ ਸੜਕ ਖਸਤਾ ਹਾਲ ਹੋਈ ਹੈ ਉਥੇ ਇਨ੍ਹਾਂ ਵਾਹਨਾਂ ਰਾਹੀ ਉਡ ਰਹੀ ਧੂੜ ਤੋਂ ਲੋਕਾਂ ਨੂੰ ਕਈ ਭਿਆਨਕ ਬੀਮਾਰੀਆਂ ਲੱਗ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਟਿੱਪਰ ਟਰਾਲਿਆਂ ਦੇ ਚੱਲਣ ’ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਇਸ ਸਬੰਧੀ ਪੀੜਤ ਲੋਕਾਂ ਨੇ ਪਿੰਡ ਭਨੂੰਹਾਂ ਵਿੱਚ ਮੀਟਿੰਗ ਕੀਤੀ। ਇਸ ਮੌਕੇ ਗੁਰਮੀਤ ਸਿੰਘ ਸੰਧੂ ਸਰਪੰਚ ਰੈਂਸੜਾਂ ਨੇ ਕਿਹਾ ਕਿ ਇਸ ਸੜਕ ਤੇ ਦਿਨ ਵੇਲੇ ਟਿੱਪਰਾਂ ਦੀ ‘ਨੋ ਐਂਟਰੀ’ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦੋ ਪਹੀਆਂ ਚਾਲਕਾਂ ਅਤੇ ਪੈਦਲ ਜਾਣ ਵਾਲੇ ਰਾਹਗੀਰਾਂ ਲਈ ਟਿੱਪਰਾਂ ਦੀ ਆਵਾਜਾਈ ਨੂੰ ਲੈ ਕੇ ਇਹ ਸੜਕ ਹਾਦਸਿਆਂ ਦਾ ਕਾਰਨ ਬਣਦੀ ਸੀ। ਬਲਵਿੰਦਰ ਸਿੰਘ ਸਮੂੰਦੜੀਆਂ ਨੇ ਕਿਹਾ ਕਿ ਸੜਕ ਦੀ ਖਸਤਾ ਹਾਲ ਨੂੰ ਲੈ ਕੇ ਲੋਕ ਟਿੱਪਰਾਂ ਦੀ ਪਾਬੰਦੀ ਜਾਰੀ ਰੱਖਣ ਲਈ ਅੜੇ ਹੋਏ ਹਨ।
ਦੂਜੇ ਪਾਸੇ ਟਿੱਪਰ ਅਤੇ ਸਟੋਨ ਮਾਲਕਾਂ ਨੇ ਕਿਹਾ ਕਿ ਦਿਨ ਵੇਲੇ ਟਿੱਪਰ ਬੰਦ ਹੋਣ ਨਾਲ ਉਨ੍ਹਾਂ ਦੀ ਕਿਸ਼ਤਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਹ ਮੰਦਹਾਲੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਟਿੱਪਰਾਂ ਦੀ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ।