ਨਵਜੰਮੀ ਬੱਚੀ ਦੇ ਮਾਪਿਆਂ ਦਾ ਡੀਐੱਨਏ ਰਾਹੀਂ ਹੋਵੇਗਾ ਫ਼ੈਸਲਾ
ਹਰਿਆਣਾ ਦੇ ਕਰਨਾਲ ਨੇੜਲੇ ਪਿੰਡ ਦੇ ਨਿਵਾਸੀ ਸੰਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 11 ਸਤੰਬਰ ਨੂੰ ਉਸ ਦੀ ਪਤਨੀ ਰਮਨਦੀਪ ਕੌਰ ਦੀ ਡਿਲੀਵਰੀ ਹੋਣ ਉਪਰੰਤ ਉਸ ਨੂੰ ਸਟਾਫ਼ ਨੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਲੜਕਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਤਿੰਨ ਸੈਕਿੰਡ ਬੱਚੇ ਨੂੰ ਖ਼ੁਦ ਵੀ ਵੇਖਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ ਉਸ ਨੂੰ ਕਾਰਡ ਬਣਾਉਣ ਲਈ ਕਿਹਾ ਗਿਆ ਤੇ ਜਦੋਂ ਉਹ ਥੱਲੇ ਕਾਰਡ ਬਣਾਉਣ ਲਈ ਗਏ ਤਾਂ ਕਿਹਾ ਗਿਆ ਕਿ ਲੜਕੀ ਪੈਦਾ ਹੋਈ ਹੈ।
ਸੰਦੀਪ ਸਿੰਘ ਅਨੁਸਾਰ ਉਨ੍ਹਾਂ ਦੇ ਪਿੰਡ ਦੇ ਦਰਜਨ ਤੋਂ ਵੱਧ ਵਿਅਕਤੀਆਂ ਨੇ ਕੱਲ ਸ਼ਾਮੀ ਉਸ ਨੂੰ ਨਾਲ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਾਰਾ ਮਾਮਲਾ ਧਿਆਨ ਵਿਚ ਲਿਆਂਦਾ ਸੀ, ਜਿਨ੍ਹਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਫੋਨ ਕਰਕੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ।
ਥਾਣਾ ਸੋਹਾਣਾ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਉਨ੍ਹਾਂ ਹਸਪਤਾਲ ਆ ਕੇ ਪੜਤਾਲ ਕੀਤੀ ਹੈ ਤੇ ਇਸ ਮਾਮਲੇ ਦੇ ਹੱਲ ਲਈ ਮਾਪਿਆਂ ਤੇ ਬੱਚੀ ਦਾ ਡੀਐਨਏ ਟੈਸਟ ਕਰਾਉਣ ਉੱਤੇ ਸਹਿਮਤੀ ਬਣੀ। ਉਨ੍ਹਾਂ ਦੱਸਿਆ ਕਿ ਟੈਸਟ ਦੇ ਸੈਂਪਲ ਲੈ ਲਏ ਗਏ ਹਨ ਅਤੇ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸੰਦੀਪ ਸਿੰਘ ਨੇ ਵੀ ਕਿਹਾ ਕਿ ਡੀਐਨਏ ਦੀ ਰਿਪੋਰਟ ਨੂੰ ਉਹ ਵੀ ਸਵੀਕਾਰ ਕਰਨਗੇ।
ਹਸਪਤਾਲ ਦੀ ਸਬੰਧਿਤ ਡਾਕਟਰ ਨੇ ਦੱਸਿਆ ਕਿ ਮਾਪਿਆਂ ਨੂੰ ਕੋਈ ਗਲਤ ਫ਼ਹਿਮੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਾਂ ਨੂੰ ਡਿਲੀਵਰੀ ਹੋਣ ਸਾਰ ਬੱਚੀ ਵਿਖਾਈ ਗਈ ਸੀ। ਉਨ੍ਹਾਂ ਕਿਹਾ ਕਿ ਲੜਕੀ ਹੀ ਹੋਈ ਸੀ ਤੇ ਇਸ ਸਬੰਧੀ ਸਾਰੇ ਦੋਸ਼ ਬੇਬੁਨਿਆਦ ਹਨ।
\Bਹਸਪਤਾਲ ਵਿਚ ਹਰ ਕੰਮ ਪਾਰਦਰਸ਼ੀ: ਪ੍ਰਬੰਧਕ \B
ਸੋਹਾਣਾ ਹਸਪਤਾਲ ਦੇ ਪ੍ਰਬੰਧਕੀ ਮੁਕੀ ਡਾਕਟਰ ਆਦੇਸ਼ ਸੂਰੀ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਦਾ ਹਰ ਕੰਮ ਪਾਰਦਰਸ਼ੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਕਲਿੱਪ ਵਿਚ ਵੀ ਸਾਰੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੜਕੀ ਹੀ ਪੈਦਾ ਹੋਈ ਸੀ ਤੇ ਉਹ ਪਹਿਲੇ ਦਿਨ ਤੋਂ ਡੀਐੱਨਏ ਟੈਸਟ ਕਰਾਉਣ ਲਈ ਬੱਚੀ ਦੇ ਮਾਪਿਆਂ ਨੂੰ ਕਹਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਪਤਾ ਨਹੀਂ ਕਿਉਂ ਭੁਲੇਖਾ ਲੱਗ ਗਿਆ, ਜਦੋਂ ਕਿ ਹਸਪਤਾਲ ਦੇ ਸਟਾਫ਼ ਵੱਲੋਂ ਬੱਚੀ ਹੋਣ ਬਾਰੇ ਹੀ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਗਾਇਨੀ ਅਤੇ ਬੱਚਿਆਂ ਦੀ ਮਾਹਿਰ ਡਾਕਟਰ ਡਿਲੀਵਰੀ ਸਮੇਂ ਮੌਕੇ ਤੇ ਮੌਜੂਦ ਸੀ ਤੇ ਉਨ੍ਹਾਂ ਮਾਪਿਆਂ ਨੂੰ ਸਾਰੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਡੀਐੱਨਏ ਟੈਸਟ ਵਿਚ ਸਾਰਾ ਕੁੱਝ ਸਪੱਸ਼ਟ ਹੋ ਜਾਵੇਗਾ ਅਤੇ ਹਸਪਤਾਲ ਵੱਲੋਂ ਪੁਲੀਸ ਨੂੰ ਵੀ ਜਾਂਚ ਲਈ ਪੂਰਾ ਸਹਿਯੋਗ ਦਿੱਤਾ ਗਿਆ ਹੈ।