ਪੰਜਾਬ ਯੂਨੀਵਰਸਿਟੀ ਵੱਲੋਂ ਮਸ਼ੀਨ ਐਕਸਪੋ ਦਾ ਆਗਾਜ਼
ਪੰਜਾਬ ਯੂਨੀਵਰਸਿਟੀ ਵੱਲੋਂ ਚਾਰ ਦਿਨਾ ‘ਮਸ਼ੀਨ ਐਕਸਪੋ-2025’ ਅੱਜ ਪਰੇਡ ਗਰਾਊਂਡ ਸੈਕਟਰ 17 ਚੰਡੀਗੜ੍ਹ ਵਿਖੇ ਸ਼ੁਰੂ ਹੋਇਆ। ਇਸ ਦਾ ਉਦਘਾਟਨ ਹਰਿਆਣਾ ਦੇ ਰਾਜਪਾਲ ਪ੍ਰੋ ਅਸੀਮ ਕੁਮਾਰ ਘੋਸ਼ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ, ਕਈ ਮੁੱਖ ਅਧਿਕਾਰੀਆਂ ਤੇ ਉਦਯੋਗਪਤੀਆਂ ਦੀ ਮੌਜੂਦਗੀ ਵਿੱਚ ਕੀਤਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ 200 ਤੋਂ ਵੱਧ ਉਦਯੋਗਿਕ ਸਟਾਲ ਲਾਏ ਗਏ ਹਨ, ਜੋ ਮਸ਼ੀਨ ਟੂਲ, ਏ ਆਈ ਤਕਨਾਲੋਜੀ, ਪਲਾਸਟਿਕ ਮਸ਼ੀਨਰੀ, ਰੋਬੋਟਿਕਸ ਤੇ ਵੱਖ-ਵੱਖ ਸਟਾਰਟਅੱਪਸ ਤੋਂ ਨਵੀਆਂ ਖੋਜਾਂ ਤੇ ਕਾਢਾਂ ਨੂੰ ਪ੍ਰਦਰਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਸਮੇਤ ਦੇਸ਼ ਦੀਆਂ ਕਈ ਪ੍ਰਮੁੱਖ ਯੂਨੀਵਰਸਿਟੀਆਂ ਤੇ ਸੰਸਥਾਵਾਂ ਵੱਲੋਂ ਲਾਏ ਗਏ 30 ਅਕਾਦਮਿਕ ਸਟਾਲ ਸਮਾਗਮ ਵਿੱਚ ਖਿੱਚ ਦਾ ਕੇਂਦਰ ਸਨ।
ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵੱਲੋਂ ਵਿਕਸਿਤ ਤਕਨਾਲੋਜੀਆਂ ਅਤੇ ਨਵੀਨਤਾਵਾਂ ਨੂੰ ਇੱਕ ਪਲੇਟਫਾਰਮ ’ਤੇ ਪ੍ਰਦਰਸ਼ਿਤ ਕਰਨ ਦਾ ਇੱਕ ਮਹੱਤਵਪੂਰਨ ਯਤਨ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਖੇਤਰ ਦੇ ਵਿਗਿਆਨਕ ਅਤੇ ਅਕਾਦਮਿਕ ਸੰਸਥਾਵਾਂ ਜਿਵੇਂ ਕਿ ਪੀ ਯੂ , ਪੀ ਜੀ ਆਈ , ਪੈੱਕ, ਸੀ ਐੱਸ ਆਈ ਓ, ਆਈ ਐੱਮ ਟੈੱਕ , ਨਾਈਪਰ ਅਤੇ ਆਈ ਐੱਨ ਐੱਸ ਟੀ ਵਿੱਚ ਇਸਨੂੰ ਡੀਪ-ਟੈਕ ਸਟਾਰਟਅੱਪਸ ਲਈ ਇੱਕ ਪ੍ਰਮੁੱਖ ਹੱਬ ਬਣਾਉਣ ਦੀ ਸਮਰੱਥਾ ਹੈ।
ਸਵਾਗਤੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਕਿਹਾ ਕਿ ਇਹ ਸਮਾਗਮ ਤਕਨਾਲੋਜੀ ਯੋਗ ਕੇਂਦਰ ਪੀ ਯੂ ਦੇ ਯਤਨਾਂ ਦਾ ਨਤੀਜਾ ਹੈ, ਜਿਸ ਨੇ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਇੱਕ ਮਜ਼ਬੂਤ ਪੁਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਤਕਨਾਲੋਜੀ-ਅਧਾਰਿਤ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਤੇ ਮਸ਼ੀਨ ਐਕਸਪੋ ਇਸ ਦਿਸ਼ਾ ’ਚ ਅਹਿਮ ਕਦਮ ਹੈ। ਉਦਘਾਟਨੀ ਸਮਾਰੋਹ ’ਚ ਕਿਰਤ ਕਮਿਸ਼ਨਰ-ਕਮ-ਡਾਇਰੈਕਟਰ ਪੰਜਾਬ ਸਰਕਾਰ ਰਾਜੀਵ ਕੁਮਾਰ ਗੁਪਤਾ, ਫਾਰਚੂਨ ਐਗਜ਼ੀਬਿਟਰਜ਼ ਦੇ ਮੈਨੇਜਿੰਗ ਡਾਇਰੈਕਟਰ ਮਨੂ ਸ਼ਰਮਾ, ਯੂ ਐੱਫ ਆਈ ਟੀ ਦੇ ਪ੍ਰਧਾਨ ਤਰਲੋਚਨ ਸਿੰਘ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸੰਯੁਕਤ ਨਿਰਦੇਸ਼ਕ ਡਾ. ਦਵਿੰਦਰ ਕੌਰ ਬਖਸ਼ੀ ਮੌਜੂਦ ਸਨ।
ਵਿਕਾਸ ਤੇ ਸਹਿਯੋਗ ਨੂੰ ਉਤਸ਼ਾਹਿਤ ਕਰ ਰਿਹੈ ਮੈਕਮਾ ਐਕਸਪੋ: ਕਰਮਜੀਤ ਸਿੰਘ
ਚੈਂਬਰ ਆਫ਼ ਚੰਡੀਗੜ੍ਹ ਇੰਡਸਟਰੀਜ਼ ਦੇ ਸਕੱਤਰ ਜਨਰਲ ਕਰਮਜੀਤ ਸਿੰਘ ਨੇ ਕਿਹਾ ਕਿ ਮੈਕਮਾ ਐਕਸਪੋ ਉਦਯੋਗਪਤੀਆਂ ਲਈ ਅਹਿਮ ਮੌਕੇ ਪੈਦਾ ਅਤੇ ਵੱਖ-ਵੱਖ ਖੇਤਰਾਂ ’ਚ ਵਿਕਾਸ ਤੇ ਸਹਿਯੋਗ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਨੇ ਸਮਾਗਮ ਮੇਕ ਇਨ ਇੰਡੀਆ, ਉੱਨਤ ਤਕਨਾਲੋਜੀ ਅਤੇ ਖੋਜ ਟਰਾਂਸਫਰ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਨੂੰ ਇਕੱਠਾ ਕਰਦਾ ਹੈ। ਉਨ੍ਹਾਂ ਕਿਹਾ ਕਿ ਐਕਸਪੋ ’ਚ 400 ਪ੍ਰਦਰਸ਼ਕਾਂ, 30,000 ਤੋਂ ਵੱਧ ਦਰਸ਼ਕਾਂ ਦੀ ਹਾਜ਼ਰੀ ਦੀ ਉਮੀਦ ਹੈ। ਮੁੱਖ ਪ੍ਰਦਰਸ਼ਕਾਂ ’ਚ ਜੋਤੀ ਸੀਐਨਸੀ, ਐਲਐਮਡਬਲਯੂ ਲਿਮਟਿਡ, ਬਚਨ ਲੇਜ਼ਰਜ਼, ਹਿੰਦੁਸਤਾਨ ਹਾਈਡ੍ਰੌਲਿਕਸ, ਜੇਵੂ ਮਸ਼ੀਨਾਂ, ਹਾਕੋ ਮਸ਼ੀਨਰੀ, ਮਹਿਤਾ ਹਾਈਟੈਕ ਇੰਡਸਟਰੀਜ਼, ਸੈਮ ਆਟੋਮੇਸ਼ਨ, ਗੁਰੂ ਕ੍ਰਿਪਾ ਆਟੋਮੇਸ਼ਨ, ਗੁਰੂਚਰਨ ਇੰਡਸਟਰੀਜ਼, ਵਿਸ਼ਵਕਰਮਾ ਹਾਈਡ੍ਰੌਲਿਕਸ, ਯੂਫਲੋ ਆਟੋਮੇਸ਼ਨ, ਆਦਿ ਸ਼ਾਮਲ ਹਨ।
