ਪੰਚਕੂਲਾ ਦੀ ਆਂਚਲ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕੀਤੀ ਫ਼ਤਹਿ
ਆਂਚਲ ਨੇ ਦੱਸਿਆ ਕਿ ਉਹ ਪਹਿਲੀ ਵਾਰ ਸਾਲ 2022 ਵਿੱਚ ਐਵਰੈਸਟ ਬੇਸ ਕੈਂਪ ਟਰੈਕ ’ਤੇ ਗਈ ਸੀ, ਜਿਸ ਤੋਂ ਬਾਅਦ ਉਸ ਨੇ ਅੰਨਪੂਰਨਾ ਬੇਸ ਕੈਂਪ ਟਰੈਕ ਤੇ ਕਸ਼ਮੀਰ ਗ੍ਰੇਟ ਲੇਕਸ ਟਰੈਕ ’ਤੇ ਵੀ ਫ਼ਤਿਹ ਹਾਸਲ ਕੀਤੀ ਹੈ। ਹੁਣ ਉਹ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਵੀ ਫ਼ਤਹਿ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਲੀਮੰਜਾਰੋ ਪਹਾੜੀ ਦੀ ਚੜ੍ਹਾਈ ਲਈ ਸ਼ੁਰੂਆਤ 7 ਜੁਲਾਈ ਨੂੰ ਕੀਤੀ ਸੀ ਅਤੇ ਉਹ 13 ਜੁਲਾਈ ਨੂੰ ਉੱਪਰ ਸ਼ਿਖਰ ’ਤੇ ਪਹੁੰਚ ਗਈ। ਇਸ ਦੌਰਾਨ ਸਿੱਧੇ ਮਹਾੜ ਅਤੇ ਮੁਸ਼ਕਲ ਭਰੇ ਰਾਹਾਂ ਤੋਂ ਗੁਜ਼ਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਈ ਵਾਰ ਸਿਹਤ ਵੀ ਵਿਗੜੀ ਹੈ, ਪਰ ਕੁਝ ਕਰ ਦਿਖਾਉਣ ਦੀ ਹਿੰਮਤ ਨੇ ਉਸ ਨੂੰ ਪਿੱਛੇ ਨਹੀਂ ਹਟਣ ਦਿੱਤਾ।
‘ਮਨ ਮਜ਼ਬੂਤ ਹੋਵੇ ਤਾਂ ਕਿਸੇ ਵੀ ਮੁਸ਼ਕਲ ਨੂੰ ਸਰ ਕਰ ਸਕਦੇ ਹਾਂ’
ਉਨ੍ਹਾਂ ਲੜਕੀਆਂ ਨੂੰ ਮੁਸ਼ਕਲਾਂ ਨਾਲ ਲੜਨ ਅਤੇ ਅੱਗੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮਨ ਮਜ਼ਬੂਤ ਹੋਵੇ ਤਾਂ ਕਿਸੇ ਵੀ ਮੁਸ਼ਕਲ ਨੂੰ ਫ਼ਤਹਿ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਆਂਚਲ ਗੁਪਤਾ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਤੋਂ ਹਾਸਲ ਕੀਤੀ ਹੈ। ਉਹ ਸਕੂਲ ਸਮੇਂ ਦੌਰਾਨ ਇੱਕ ਉਤਸ਼ਾਹੀ ਅਥਲੀਟ ਰਹੀ ਹੈ, ਜਿਸ ਨੇ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ। ਉਹ ਵਰਤਮਾਨ ਸਮੇਂ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਰਹੀ ਹੈ।