ਪਾਕਿਸਤਾਨ ਦੇ ਪੰਜਾਬ ਸੂਬੇ ਨੇ 20 ਸਾਲਾਂ ਬਾਅਦ ਬਸੰਤ ਦੌਰਾਨ ਪਤੰਗ ਉਡਾਉਣ ’ਤੇ ਲੱਗੀ ਪਾਬੰਦੀ ਹਟਾਈ !
ਕਲਾਕਾਰਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਦੇ ਦਬਾਅ ਹੇਠ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਬਸੰਤ ਦੌਰਾਨ ਪਤੰਗ ਉਡਾਉਣ ’ਤੇ ਲੱਗੀ ਪਾਬੰਦੀ ਨੂੰ 20 ਸਾਲਾਂ ਬਾਅਦ ਹਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਸ ਫੈਸਲੇ ਨੇ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਦੀ ਸੂਚਨਾ ਅਤੇ ਸੱਭਿਆਚਾਰ ਮੰਤਰੀ ਅਜ਼ਮਾ ਬੁਖਾਰੀ ਨੇ ਵੀਰਵਾਰ ਨੂੰ ਬੁੱਧਵਾਰ ਨੂੰ ਲਏ ਗਏ ਇਸ ਫੈਸਲੇ ਦੇ ਵੇਰਵਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਹਾਲਾਂਕਿ, ਇਸ ਸਬੰਧੀ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਕਈ ਪਾਬੰਦੀਆਂ ਅਤੇ ਜੁਰਮਾਨੇ ਹੋਣਗੇ।
ਬੁਖਾਰੀ ਨੇ ਇੱਕ ਬਿਆਨ ਵਿੱਚ ਕਿਹਾ, “ 20 ਸਾਲਾਂ ਬਾਅਦ, ਬਸੰਤ ਦੀ ਖੁਸ਼ੀ ਆਖਰਕਾਰ ਪੰਜਾਬ ਵਿੱਚ ਵਾਪਸ ਆ ਗਈ ਹੈ। ਪਰ ਇਸ ਵਾਰ, ਇਹ ਸਖ਼ਤ ਸੁਰੱਖਿਆ ਨਿਯਮਾਂ ਅਧੀਨ ਹੈ। ਤਿਉਹਾਰ ਦੌਰਾਨ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਪਾਕਿਸਤਾਨ ਮੀਡੀਆਂ ਰਿਪੋਰਟਾਂ ਮੁਤਾਬਿਕ, ਵੀਰਵਾਰ ਨੂੰ ਪੰਜਾਬ ਸਰਕਾਰ ਦੇ ਪਾਬੰਦੀ ਹਟਾਉਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਇੱਕ ਪਟੀਸ਼ਨ ਲੈ ਕੇ ਲਾਹੌਰ ਹਾਈ ਕੋਰਟ (LHC) ਤੱਕ ਪਹੁੰਚ ਕੀਤੀ ਗਈ।
ਇਹ ਪਟੀਸ਼ਨ ਜੁਡੀਸ਼ੀਅਲ ਐਕਟਿਵਿਜ਼ਮ ਪੈਨਲ (JAP), ਜੋ ਆਪਣੇ ਆਪ ਨੂੰ ਜਨਤਕ ਹਿੱਤ ਮੁਕੱਦਮੇ ਸਮੂਹ ਦੱਸਦਾ ਹੈ, ਵੱਲੋਂ ਐਡਵੋਕੇਟ ਅਜ਼ਹਰ ਸਿੱਦੀਕ ਰਾਹੀਂ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਜਨਤਕ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ, ਇਹ ਨੋਟ ਕਰਦੇ ਹੋਏ ਕਿ ਪਤੰਗਬਾਜ਼ੀ ਨਾਲ ਜੁੜੀਆਂ ਕਈ ਘਟਨਾਵਾਂ ਵਿੱਚ ਮੌਤਾਂ ਹੋ ਚੁੱਕੀਆਂ ਹਨ।
ਬਸੰਤ ਦਾ ਤਿਉਹਾਰ ਸਰਦੀਆਂ ਦੇ ਅੰਤ ਵਿੱਚ ਬਸੰਤ ਦੇ ਆਉਣ ਦੀ ਨਿਸ਼ਾਨਦੇਹੀ ਕਰਨ ਲਈ ਮਨਾਇਆ ਜਾਂਦਾ ਹੈ ਅਤੇ ਇਹ ਸੂਬੇ ਭਰ ਵਿੱਚ ਭਾਈਚਾਰਕ ਸਮਾਗਮਾਂ ਦਾ ਮੌਕਾ ਰਿਹਾ ਹੈ ਅਤੇ ਪਤੰਗ ਉਡਾਉਣਾ ਇਨ੍ਹਾਂ ਤਿਉਹਾਰਾਂ ਦਾ ਇੱਕ ਅਨਿੱਖੜਵਾਂ ਅੰਗ ਸੀ।
ਜ਼ਿਕਰਯੋਗ ਹੈ ਕਿ ਸਾਲ 2005 ਵਿੱਚ, ਸਰਕਾਰ ਨੇ ਪਤੰਗ ਉਡਾਉਣ ’ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਦੁਰਘਟਨਾਵਾਂ ਵਿੱਚ ਕਈ ਮੌਤਾਂ ਹੋ ਗਈਆਂ ਸਨ, ਖਾਸ ਕਰਕੇ ਮੋਟਰਸਾਈਕਲ ਸਵਾਰਾਂ ਅਤੇ ਬੱਚਿਆਂ ਦੀਆਂ, ਜਦੋਂ ਪਤੰਗ ਦੀਆਂ ਤਿੱਖੀਆਂ ਡੋਰਾਂ ਉਨ੍ਹਾਂ ਦੀ ਗਰਦਨ ਦੁਆਲੇ ਫਸ ਜਾਂਦੀਆਂ ਸਨ ਜਿਸ ਨਾਲ ਗੰਭੀਰ ਸੱਟਾਂ ਲੱਗਦੀਆਂ ਸਨ।
ਅਜ਼ਮਾ ਬੁਖਾਰੀ ਨੇ ਅੱਗੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਤੰਗ ਉਡਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਖ਼ਤਰਨਾਕ, ਧਾਤੂ ਜਾਂ ਰਸਾਇਣਕ-ਲੇਪਿਤ ਡੋਰ (metallic or chemically-coated string) ਦੇ ਨਿਰਮਾਣ ਅਤੇ ਵਿਕਰੀ ਨੂੰ ਪੰਜਾਬ ਵਿੱਚੋਂ ਸਥਾਈ ਤੌਰ ’ਤੇ ਖਤਮ ਕਰ ਦਿੱਤਾ ਗਿਆ ਹੈ।
ਧਾਤੂ ਜਾਂ ਰਸਾਇਣਕ-ਲੇਪਿਤ ਪਤੰਗ ਦੀ ਡੋਰ ਦੀ ਵਿਕਰੀ ਅਤੇ ਖਰੀਦ ’ਤੇ ਤਿੰਨ ਤੋਂ ਪੰਜ ਸਾਲ ਦੀ ਕੈਦ ਅਤੇ 20 ਲੱਖ ਪੀ.ਕੇ.ਆਰ. (PKR) ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।
