ਪਫਟਾ ਨੇ ਧਰਮਿੰਦਰ ਨੂੰ ਜਨਮ ਦਿਨ ਮੌਕੇ ਚੇਤੇ ਕੀਤਾ
ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ (ਪਫਟਾ) ਨੇ ਅੱਜ ਆਪਣੇ ਇਥੇ ਸਥਿਤ ਦਫ਼ਤਰ ਵਿਖੇ ਅਦਾਕਾਰ ਧਰਮਿੰਦਰ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਚੇਤੇ ਕੀਤਾ। ਐਸੋਸੀਏਸ਼ਨ ਦੀ ਇਸ ਮੌਕੇ ਇਕੱਤਰਤਾ ਵਿਚ ਵੱਡੀ ਗਿਣਤੀ ਵਿਚ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾਂ ਨੇ ਸ਼ਮੂਲੀਅਤ ਕੀਤੀ।
ਪਫਟਾ ਦੀ ਪ੍ਰਧਾਨ ਅਤੇ ਪਦਮਸ੍ਰੀ ਨਿਰਮਲ ਰਿਸ਼ੀ ਨੇ ਆਖਿਆ ਕਿ ਧਰਮਿੰਦਰ ਜ਼ਿੰਦਾ ਦਿਲ ਇਨਸਾਨ ਸਨ। ਉਨ੍ਹਾਂ ਦੀ ਜ਼ਿੰਦਗੀ ਖੁੱਲ੍ਹੀ ਕਿਤਾਬ ਸੀ। ਸੀਨੀਅਰ ਅਦਾਕਾਰ ਸਵਿੰਦਰ ਮਾਹਲ ਨੇ ਕਿਹਾ ਕਿ ਧਰਮਿੰਦਰ ਦੇ ਸੁਨੱਖੇਪਣ ਦੇ ਚਰਚੇ ਅੱਜ ਵੀ ਸੁਣਾਏ ਜਾਂਦੇ ਹਨ। ਕਰਮਜੀਤ ਅਨਮੋਲ ਨੇ ਕਿਹਾ ਧਰਮ ਜੀ ਹਮੇਸ਼ਾ ਪੰਜਾਬੀ ਅਦਾਕਾਰਾਂ ਦੇ ਪ੍ਰੇਰਨਾ ਸਰੋਤ ਰਹੇ ਹਨ।
ਸੰਸਥਾ ਦੇ ਸਕੱਤਰ ਬੀ ਐੱਨ ਸ਼ਰਮਾ ਨੇ ਕਿਹਾ ਕਿ ਧਰਮਿੰਦਰ ਨੂੰ ਜਦੋਂ ਵੀ ਕੋਈ ਮਿਲਦਾ ਸੀ, ਤਾਂ ਉਹ ਇਹ ਅਹਿਸਾਸ ਕਰਵਾ ਦਿੰਦੇ ਸਨ ਕਿ ਜਿਵੇਂ ਪੁਰਾਣੇ ਵਾਕਫ਼ ਹੋਣ। ਮੁੰਬਈ ਤੋਂ ਅਦਾਕਾਰ ਜੁਗਨੂੰ ਅਤੇ ਹਰਜੀਤ ਵਾਲੀਆ ਨੇ ਧਰਮਿੰਦਰ ਨਾਲ ਆਪਣੀ ਸਾਂਝ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਮਲਕੀਤ ਸਿੰਘ ਰੌਣੀ, ਭਾਰਤ ਭੂਸ਼ਨ ਵਰਮਾ, ਡਾ. ਰਣਜੀਤ ਸ਼ਰਮਾ, ਰਾਜ ਧਾਲੀਵਾਲ, ਬਨਿੰਦਰਜੀਤ ਸਿੰਘ ਬੰਨੀ, ਪ੍ਰਕਾਸ਼ ਗਾਧੂ, ਰਵਿੰਦਰ ਮੰਡ, ਪਰਮਜੀਤ ਭੰਗੂ, ਸਾਨੀਆ ਬਾਜਵਾ, ਤੇਜਿੰਦਰ ਤੂਰ, ਸਿਕੰਦਰ ਸਲੀਮ, ਦੀਦਾਰ ਗਿੱਲ, ਸੁਖਵਿੰਦਰ ਰਾਜ, ਗੁਰਵਿੰਦਰ ਮਾਨ, ਬਾਜਵਾ ਤੇ ਅਮਨਦੀਪ ਜੌਹਲ ਹਾਜ਼ਰ ਸਨ।
