ਪੀਏਯੂ ਤੋਂ ਖਰੀਦੇ ਝੋਨੇ ਦੇ ਬੀਜ ਦੀ ਫ਼ਸਲ ਖਰਾਬ; ਕਿਸਾਨਾਂ ’ਚ ਰੋਸ
ਜ਼ਿਲ੍ਹੇ ਫ਼ਤਹਿਗੜ੍ਹ ਦੇ ਦੋ ਦਰਜਨ ਦੇ ਕਰੀਬ ਪਿੰਡਾਂ ਵਿਚ ਝੋਨੇ ਦੀ ਫ਼ਸਲ ਨੂੰ ਵਾਇਰਸ ਰੋਗ ਹੋਣ ਕਾਰਨ ਕਿਸਾਨਾਂ ਦੀ ਦਰਜਨਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ। ਇਸ ਦੀ ਸਭ ਤੋਂ ਵੱਧ ਮਾਰ ਬਲਾਕ ਖੇੜਾ ਦੇ ਪਿੰਡਾਂ ’ਚ ਪਈ। ਇਸੇ ਤਰ੍ਹਾਂ ਬਲਾਕ ਖਮਾਣੋਂ ਅਤੇ ਬਲਾਕ ਸਰਹਿੰਦ ਦੇ ਕਈ ਪਿੰਡਾਂ ’ਚ ਫ਼ਸਲ ਨੁਕਸਾਨੀ ਗਈ ਹੈ।
ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਬਲਾਕ ਖੇੜਾ ਦੇ ਪਿੰਡ ਮੱਠੀ ਅਤੇ ਸਾਧੂਗੜ੍ਹ ਦਾ ਦੌਰਾ ਕੀਤਾ। ਪਿੰਡ ਮੱਠੀ ਦੇ ਕਿਸਾਨ ਹਰਜਿੰਦਰਪਾਲ ਸਿੰਘ ਨੇ ਦਸਿਆ ਕਿ ਉਸ ਦੀ 12 ਏਕੜ, ਧਰਮਿੰਦਰ ਸਿੰਘ ਦੀ 10 ਏਕੜ, ਪਲਵਿੰਦਰ ਸਿੰਘ ਦੀ 8 ਏਕੜ, ਸੁਖਵਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਭੇਜ ਸਿੰਘ, ਅਵਰਿੰਦਰ ਸਿੰਘ ਦੀ 5-5 ਏਕੜ, ਸੁਖਜਿੰਦਰ ਸਿੰਘ ਦੀ 7 ਏਕੜ, ਬਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਦੀ 4-4 ਏਕੜ ਅਤੇ ਸਾਧੂਗੜ੍ਹ ਦੇ ਰੁਪਿੰਦਰ ਸਿੰਘ ਦਾ 5 ਏਕੜ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਨੇ ਪੀਆਰ 126, ਪੀਆਰ 128, ਪੀਆਰ 129, ਪੀਆਰ 131 ਅਤੇ ਪੀਆਰ 132 ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖਰੀਦਿਆ ਸੀ। ਇਸੇ ਤਰ੍ਹਾਂ ਦਰਜਨਾਂ ਪਿੰਡਾਂ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸ੍ਰੀ ਭੁੱਟਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਬੀਜ ਖਰਾਬ ਹੋਣ ਕਾਰਣ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਕਿਉਂਕਿ ਉਨ੍ਹਾਂ 55 ਤੋਂ 60 ਹਜਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਕਰੀਬ ਉਨ੍ਹਾਂ ਦਾ ਖਰਚਾ ਹੋਇਆ ਹੈ ਪਰ ਗਲਤ ਬੀਜ ਕਾਰਨ ਫ਼ਸਲ ਖਰਾਬ ਹੋ ਗਈ। ਉਨ੍ਹਾਂ ਮੁੱਖ ਮੰਤਰੀ ਅਤੇ ਖੇਤੀ ਮੰਤਰੀ ਤੋਂ ਖੇਤੀਬਾੜੀ ਯੂਨੀਵਰਸਿਟੀ ਦੇ ਬੀਜ ਕੇਦਰ ਦੀ ਉਚ ਪੱਧਰੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਨ ਅਤੇ ਪੀੜਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਸੱਜਣ ਸਿੰਘ, ਨਿਰਮਲ ਸਿੰਘ ਮੱਠੀ, ਦਮਨਜੋਤ ਸਿੰਘ ਚੀਮਾ ਜਲਵੇੜੀ ਗਹਿਲਾਂ, ਮਨਪ੍ਰੀਤ ਸਿੰਘ ਕੋਟਲਾ, ਜਥੇਦਾਰ ਨਰਿੰਦਰ ਸਿੰਘ ਫਾਟਕ ਮਾਜਰੀ ਤੇ ਜਸਨਪ੍ਰੀਤ ਸਿੰਘ ਸਰਹਿੰਦ ਹਾਜ਼ਰ ਸਨ।
ਨੁਕਸਾਨੀ ਫ਼ਸਲ ਜ਼ਮੀਨ ’ਚ ਦੱਬਣ ਦੀ ਹਦਾਇਤ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਦਰਜਨ ਦੇ ਕਰੀਬ ਪਿੰਡ ਇਸ ਤੋਂ ਪੀੜਤ ਹਨ ਅਤੇ ਵਿਭਾਗ ਨੇ ਐਡਵਾਈਜਰੀ ਬਣਾ ਕੇ ਕਿਸਾਨਾਂ ਨੂੰ ਨੁਕਸਾਨੀ ਫ਼ਸਲ ਨੂੰ ਜ਼ਮੀਨ ਵਿੱਚ ਦਬਣ ਜਾਂ ਦੂਰ ਸੁੱਟਣ ਲਈ ਕਿਹਾ ਹੈ ਤਾਂ ਜੋ ਅੱਗੇ ਹੋਰ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੇ ਖੁਦ ਜਾਂ ਪ੍ਰਾਈਵੇਟ ਤੌਰ ’ਤੇ ਵੀ ਬੀਜ ਦੀ ਵਰਤੋਂ ਕੀਤੀ ਹੋਈ ਹੈ। ਬਲਾਕ ਖੇੜਾ ਦੇ ਖੇਤੀਬਾੜੀ ਅਫ਼ਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਦਰ ਦੀ ਟੀਮ ਵਲੋਂ ਪਿੰਡਾਂ ਵਿੱਚੋ ਸੈਂਪਲ ਲਏ ਗਏ ਹਨ ਅਤੇ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ।