ਯੂਟੀ ਪ੍ਰਸ਼ਾਸਕ ਦੇ ਦਖ਼ਲ ਮਗਰੋਂ ਆਊਟਸੋਰਸਡ ਕਾਮਿਆਂ ਦੀ ਹੜਤਾਲ ਸਮਾਪਤ
ਭੁੱਖ ਹੜਤਾਲ ਦੇ ਅੱਠ ਅੱਠਵੇਂ ਦਿਨ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਸਿੰਘ ਭੱਟੀ ਵੱਲੋਂ ਕੋਆਰਡੀਨੇਸ਼ਨ ਕਮੇਟੀ ਦੇ ਵਫ਼ਦ ਨੂੰ ਮੀਟਿੰਗ ਲਈ ਬੁਲਾਇਆ ਗਿਆ। ਕਮੇਟੀ ਵੱਲੋਂ ਵਫ਼ਦ ਵਿੱਚ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕੁਮਾਰ ਸਿੰਘ, ਸੁਖਬੀਰ ਸਿੰਘ, ਕਿਸ਼ੋਰੀ ਲਾਲ, ਤਾਲਿਬ ਹੁਸੈਨ, ਰਾਹੁਲ ਵੈਦਿਆ, ਸੁਖਵਿੰਦਰ ਸਿੰਘ ਸ਼ਾਮਲ ਸਨ।
ਵਫ਼ਦ ਵਿਚਲੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਤਨਖਾਹਾਂ ਦੇ ਡੀ.ਸੀ. ਰੇਟਾਂ ਵਿੱਚ ਸੋਧ ਵਿੱਚ ਦੇਰੀ ਦਾ ਕਾਰਨ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਸਿਫਾਰਿਸ਼ਾਂ ਅਤੇ ਕੋਆਰਡੀਨੇਸ਼ਨ ਕਮੇਟੀ ਦੀ ਬੇਨਤੀ ਉਤੇ ਨੋਟੀਫਿਕੇਸ਼ਨ ਵਿੱਚ 35 ਨਵੀਆਂ ਸ਼੍ਰੇਣੀਆਂ ਨੂੰ ਸ਼ਾਮਿਲ ਕਰਨਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ 498 ਸ਼੍ਰੇਣੀਆਂ ਨੂੰ ਲਾਭ ਦਿੱਤੇ ਜਾ ਰਹੇ ਸਨ ਅਤੇ ਹੁਣ 533 ਸ਼੍ਰੇਣੀਆਂ ਨੂੰ ਲਾਭ ਦਿੱਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡੀ.ਸੀ. ਦਰਾਂ ਸੋਧੇ ਹੋਏ ਡੀ.ਏ. ਦੇ ਆਧਾਰ ’ਤੇ ਵਧਣਗੀਆਂ ਅਤੇ ਸਾਰੀਆਂ ਸ਼੍ਰੇਣੀਆਂ ਨੂੰ ਵਾਧੇ ਦਾ ਬਰਾਬਰ ਲਾਭ ਮਿਲੇਗਾ।
ਏ.ਡੀ.ਸੀ. ਵੱਲੋਂ ਵਫ਼ਦ ਨੂੰ ਬਹੁਤ ਜਲਦ ਸੋਧੀਆਂ ਹੋਈਆਂ ਡੀ.ਸੀ. ਦਰਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਆਊਟਸੋਰਸਡ ਕਾਮਿਆਂ ਨੂੰ ਅਗਲੀ ਉੱਚ ਸ਼੍ਰੇਣੀ ਵਿੱਚ ਤਰੱਕੀ ਦੇਣ ਦੀ ਮੰਗ ’ਤੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵੀ ਪ੍ਰਸ਼ਾਸਨ ਦੇ ਵਿਚਾਰ ਅਧੀਨ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਲਦੀ ਹੀ ਕਿਰਤ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਸਾਰੇ ਵਿਭਾਗੀ ਮੁਖੀਆਂ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਕੋਆਰਡੀਨੇਸ਼ਨ ਕਮੇਟੀ ਨੂੰ ਵੀ ਬੁਲਾਇਆ ਜਾਵੇਗਾ।
ਕੋਆਰਡੀਨੇਸ਼ਨ ਕਮੇਟੀ ਆਗੂਆਂ ਨੇ ਦੱਸਿਆ ਕਿ ਅੱਜ ਏ.ਡੀ.ਸੀ. ਨਾਲ ਹੋਈ ਮੀਟਿੰਗ ਵਿੱਚ ਮਿਲੇ ਭਰੋਸੇ ਉਪਰੰਤ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ। ਹੁਣ 2 ਅਗਸਤ ਨੂੰ ਇੱਕ ਲੀਡਰਸ਼ਿਪ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਬਾਕੀ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ।