ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਮਜ਼ਬੂਤੀ ਲਈ ਲਾਗੂ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਐਕਸੀਡੈਂਟ ਰਿਸਪਾਂਸ ਲਈ ਐਮਰਜੈਂਸੀ ਡਿਵਾਇਸ (ਈ ਡੀ ਏ ਆਰ) ਸਿਸਟਮ ਲਾਗੂ ਕੀਤਾ ਜਾਵੇਗਾ। ਇਸ ਨਾਲ ਸੜਕ ਹਾਦਸੇ ਦੇ ਪੀੜਤਾਂ ਨੂੰ ਤੁਰੰਤ ਇਲਾਜ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੇਗੀ। ਇਹ ਫ਼ੈਸਲਾ ਅੱਜ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਕ ਯਾਦਵ ਦੀ ਅਗਵਾਈ ਹੇਠ ਹੋਈ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਐੱਸ ਡੀ ਐੱਮ (ਸੈਂਟਰਲ) ਨੂੰ ਸ਼ਹਿਰ ਵਿੱਚ ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਤੋਂ ਪਿੰਡ ਖੁੱਡਾ ਅਲੀਸ਼ੇਰ ਅਤੇ ਪੀ ਜੀ ਆਈ ਤੋਂ ਪਿੰਡ ਖੁੱਡਾ ਲਾਹੌਰਾ ਤੱਕ ਸੜਕ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਖਾਲ੍ਹੀ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਨੂੰ ਖਾਲ੍ਹੀ ਕਰਵਾਉਣ ਤੋਂ ਬਾਅਦ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਇੱਥੇ ਮੁੜ ਤੋਂ ਕਬਜ਼ੇ ਨਾ ਕੀਤੇ ਜਾ ਸਕਣ। ਮੀਟਿੰਗ ਵਿੱਚ ਚੰਡੀਗੜ੍ਹ ਦੀ ਐੱਸ ਐੱਸ ਪੀ (ਟਰੈਫ਼ਿਕ), ਐੱਸ ਡੀ ਐੱਮ, ਇੰਜਨੀਅਰਿੰਗ ਵਿਭਾਗ, ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।
ਜ਼ੈਬਰਾ ਕਰਾਸਿੰਗ ਬਣਾਉਣ ਦੇ ਆਦੇਸ਼
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਵੱਖ-ਵੱਖ ਚੌਕਾ ਵਿੱਚ ਜ਼ੈਬਰਾ ਕਰਾਸਿੰਗ ਨੂੰ ਮੁੜ ਤੋਂ ਬਣਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੇ ਦੋਵੇਂ ਪਾਸੇ ਲੱਗੇ ਦਰੱਖਤਾਂ ਦੀ ਛਟਾਈ ਸਮੇਂ ਸਿਰ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਟਰੈਫ਼ਿਕ ਲਾਈਟ ਅਤੇ ਹੋਰ ਸੜਕੀ ਆਵਾਜਾਈ ਦੇ ਚਿੰਨ ਸਾਫ ਢੰਗ ਨਾਲ ਦਿਖ ਸਕਣ।
