ਧਰਮਸ਼ਾਲਾ ’ਚ ਵਾਲਮੀਕ ਭਾਈਚਾਰੇ ਦਾ ਦਫ਼ਤਰ ਖੋਲ੍ਹਣ ਦੇ ਬਿਆਨ ਦਾ ਵਿਰੋਧ
ਵਾਲਮੀਕ ਭਾਈਚਾਰੇ ਲਈ ਪੱਤੀ ਰੋਲੀਆਂ ਦੀ ਧਰਮਸ਼ਾਲਾ ਵਿੱਚ ਦਫ਼ਤਰ ਖੋਲ੍ਹਣ ਸਬੰਧੀ ਪਿਛਲੇ ਦਿਨੀਂ ਵਿਧਾਇਕ ਕੁਲਵੰਤ ਸਿੰਘ ਦੀ ਹਾਜ਼ਰੀ ਵਿਚ ਕੁੱਝ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਪੱਤੀ ਰੋਲੀਆਂ ਦੇ ਵਸਨੀਕਾਂ ਅਤੇ ਵਾਲਮੀਕ ਭਾਈਚਾਰੇ ਨੇ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸੰਭਵ ਨਹੀਂ ਹੈ।
ਇਸ ਮੌਕੇ ਹੋਈ ਇਕੱਤਰਤਾ ਨੇ ਦੋਵੇਂ ਧਰਮਸ਼ਾਲਾਵਾਂ ਦੀ ਵੱਖ-ਵੱਖਰੀ ਹੋਂਦ ਬਰਕਰਾਰ ਰੱਖਣ ਦਾ ਮਤਾ ਪਾਸ ਕੀਤਾ ਅਤੇ ਕਿਹਾ ਕਿ ਜੇਕਰ ਵਾਲਮੀਕ ਭਾਈਚਾਰੇ ਲਈ ਕਿਸੇ ਦਫ਼ਤਰ ਦੀ ਲੋੜ ਪਈ ਤਾਂ ਉਹ ਵਾਲਮੀਕ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਹੀ ਸਥਾਪਤ ਕੀਤਾ ਜਾਵੇਗਾ। ਦੋਵਾਂ ਧਰਮਸ਼ਾਲਾਵਾਂ ’ਤੇ ਹੋਏ ਕਬਜ਼ਿਆਂ ਨੂੰ ਛੁਡਾਉਣ ਲਈ ਲੰਮੀ ਕਾਨੂੰਨੀ ਲੜਾਈ ਲੜਨ ਵਾਲੇ ਡਾ. ਜਾਗੀਰ ਸਿੰਘ ਨੇ ਸਾਂਝੀ ਇਕੱਤਰਤਾ ਵਿੱਚ ਪਾਸ ਕੀਤੇ ਮਤਿਆਂ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਕਿਸੇ ਨੂੰ ਵੀ ਦੋਵਾਂ ਭਾਈਚਾਰਿਆਂ ਵਿਚ ਫੁੱਟ ਪਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੁਹਾਲੀ ਵੱਲੋਂ ਦੋਵਾਂ ਧਰਮਸ਼ਾਲਾਵਾਂ ਦਾ ਨਿਰਮਾਣ ਕਰਾਇਆ ਗਿਆ ਹੈ ਤੇ ਪੱਤੀ ਰੋਲੀਆਂ ਅਤੇ ਬਾਲਮੀਕ ਭਾਈਚਾਰਾ ਆਪੋ-ਆਪਣੀ ਧਰਮਸ਼ਾਲਾ ਦੀ ਸਾਂਝੇ ਕੰਮਾਂ ਲਈ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਰਮਸ਼ਾਲਾਵਾਂ ਦੀ ਅਲੱਗ-ਅਲੱਗ ਪਛਾਣ ਕਾਇਮ ਰੱਖ ਕੇ ਇਨ੍ਹਾਂ ਦਾ ਹਰ ਤਰ੍ਹਾਂ ਵਿਕਾਸ ਕਰਾਇਆ ਜਾਵੇਗਾ। ਡਾ. ਜਾਗੀਰ ਸਿੰਘ ਨੇ ਕਿਹਾ ਕਿ ਧਰਮਸ਼ਾਲਾ ਦੇ ਮੁੱਦੇ ’ਤੇ ਸਿਆਸੀ ਬਿਆਨਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
