ਮੰਡੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚਣ ਦਾ ਵਿਰੋਧ
ਰੋਸ ਪ੍ਰਦਰਸ਼ਨ ਵਿੱਚ ਪੰਜਾਬ ਮੰਡੀ ਬੋਰਡ ਦੀ ਕਰਮਚਾਰੀ ਯੂਨੀਅਨ, ਮੰਡੀ ਬੋਰਡ ਆਫੀਸਰਜ਼ ਐਸੋਸੀਏਸ਼ਨ, ਮੰਡੀ ਬੋਰਡ ਡਰਾਈਵਰਜ਼ ਯੂਨੀਅਨ, ਦ ਕਲਾਸ ਫੋਰਥ ਐਂਪਲਾਈਜ਼ ਯੂਨੀਅਨ, ਮਾਰਕੀਟ ਕਮੇਟੀਜ਼ ਕਰਮਚਾਰੀ ਯੂਨੀਅਨ, ਮੋਹਾਲੀ ਫੈੱਲਵੇਅਰ ਐਸੋਸੀਏਸ਼ਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਆੜ੍ਹਤੀਆ ਐਸੋਸੀਏਸ਼ਨ ਮੋਹਾਲੀ, ਮੰਡੀ ਬੋਰਡ ਵਰਕਰਜ਼ ਯੂਨੀਅਨ, ਮੰਡੀ ਬੋਰਡ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ, ਮੰਡੀ ਬੋਰਡ ਰਿਟਾਇਰਡ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਰੋਸ ਪ੍ਰਦਰਸ਼ਨ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਇਸ ਤੋਂ ਇਲਾਵਾ ਰੈਲੀ ਵਿੱਚ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਕਾਂਗਰਸੀ ਕੌਂਸਲਰ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸ਼ਮਸ਼ੇਰ ਪੁਰਖਾਲਵੀ ਆਦਿ ਨੇ ਵੀ ਸ਼ਿਰਕਤ ਕੀਤੀ।
ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਸਮੂਹ ਯੂਨੀਅਨਾਂ ਦੇ ਅਹੁਦੇਦਾਰਾਂ ਵੱਲੋਂ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹ ਨਵੀਂ ਫਲ਼ ਅਤੇ ਸਬਜ਼ੀ ਮੰਡੀ ਫੇਜ਼-11, ਮੋਹਾਲੀ ਨੂੰ ਪੁੱਡਾ ਕੋਲ਼ ਟਰਾਂਸਫ਼ਰ ਕਰਨ ਅਤੇ ਮੰਡੀ ਬੋਰਡ ਦੀਆਂ ਹੋਰ ਜਾਇਦਾਦਾਂ ਨੂੰ ਵੇਚਣ ਸਬੰਧੀ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਨਹੀਂ ਰੋਕਦੀ ਤਾਂ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਸਮੂਹ ਯੂਨੀਅਨਾਂ/ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਅਹਿਦ ਕੀਤਾ ਗਿਆ ਕਿ ਉਹ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਦੇ ਅਜਿਹੇ ਫੈਸਲਿਆਂ ਦਾ ਲਗਾਤਾਰ ਵਿਰੋਧ ਕਰਦੇ ਰਹਿਣਗੇ ਅਤੇ ਹਰ ਸੰਭਵ ਰਣਨੀਤੀ ਅਪਣਾਉਂਦੇ ਹੋਏ ਸਰਕਾਰ ਅਤੇ ਮੰਡੀ ਬੋਰਡ ਦੀ ਮੈਨੇਜਮੈਂਟ ਨੂੰ ਬੋਰਡ ਦੀਆਂ ਜਾਇਦਾਦਾਂ ਵੇਚਣ ਦੇ ਕੀਤੇ ਗਏ ਫੈਸਲਿਆਂ ਨੂੰ ਵਾਪਿਸ ਕਰਵਾਉਣਗੇ।
ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਵਿਰੋਧ ਦੀ ਨਿਖੇਧੀ
ਪੰਜਾਬ ਮੰਡੀ ਬੋਰਡ ਦੀ ਮੁਹਾਲੀ ਸਥਿਤ ਫਲ਼ ਤੇ ਸਬਜ਼ੀ ਮੰਡੀ ਦੀ 12 ਏਕੜ ਜ਼ਮੀਨ ਪੁੱਡਾ ਨੂੰ ਦੇਣ ਦੇ ਫੈਸਲੇ ਦੇ ਵਿਰੋਧ ਦੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੰਡੀ ਸਾਲ 2014 ਤੋਂ 2022 ਤੱਕ ਬੰਦ ਰਹੀ। ਅੱਠ ਸਾਲਾਂ ਤੱਕ ਨਾ ਅਕਾਲੀ, ਨਾ ਕਾਂਗਰਸ ਸਰਕਾਰ ਵੇਲੇ ਅਤੇ ਨਾ ਹੀ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਨੇ ਇਸ ਮੰਡੀ ਨੂੰ ਚਾਲੂ ਕਰਨ ਲਈ ਕੋਈ ਯਤਨ ਕੀਤਾ ਅਤੇ 50 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਈ ਇਸ ਮੰਡੀ ਤੋਂ ਬੋਰਡ ਨੂੰ ਕੋਈ ਵੀ ਆਮਦਨ ਨਹੀਂ ਹੋਈ। ਹੁਣ ਢਾਈ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਮੰਡੀ ਨੂੰ ਵਿਵਹਾਰਕ ਨਹੀਂ ਬਣਾਇਆ ਜਾ ਸਕਿਆ ਤਾਂ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਜ਼ਮੀਨ ਨੂੰ ਪੁੱਡਾ ਨੂੰ ਦੇਣ ਲਈ ਪ੍ਰਸਤਾਵ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪ੍ਰਾਪਤ ਹੋਣ ਵਾਲੇ ਫੰਡਾਂ ਦੀ ਵਰਤੋਂ ਜੀ ਟੀ ਰੋਡ ਦੇ ਨੇੜੇ 250-300 ਏਕੜ ਜ਼ਮੀਨ ਖਰੀਦਣ ਲਈ ਕੀਤੀ ਜਾਵੇਗੀ ਤੇ ਆਧੁਨਿਕ ਮੰਡੀਆਂ ਬਣਾਈਆਂ ਜਾਣਗੀਆਂ।
