ਪਿੰਡ ਨੂੰ ਨਿਗਮ ’ਚ ਸ਼ਾਮਲ ਕਰਨ ਦਾ ਵਿਰੋਧ
ਮੁਹਾਲੀ ਦੀ ਨਗਰ ਨਿਗਮ ਵਿੱਚ ਸ਼ਾਮਲ ਕੀਤੇ ਪਿੰਡ ਮੌਲੀ ਬੈਦਵਾਣ ਦੇ ਵਸਨੀਕਾਂ ਨੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕੀਤੀ। ਇਸ ਦੌਰਾਨ ਪਿੰਡ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਨ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਪਿੰਡ ਵਾਸੀਆਂ ਨੇ ਇਸ ਮੌਕੇ ਹੱਥ ਖੜ੍ਹੇ ਕਰ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਤੋਂ ਉਨ੍ਹਾਂ ਦਾ ਪਿੰਡ ਨਗਰ ਨਿਗਮ ਵਿੱਚੋਂ ਬਾਹਿਰ ਕੱਢਿਆ ਜਾਵੇ। ਪਿੰਡ ਵਾਸੀਆਂ ਨੇ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੂੰ ਵੀ ਪਿੰਡ ਦਾ ਪਹਿਲਾਂ ਵਾਲਾ ਦਰਜਾ ਬਰਕਰਾਰ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਪਿੰਡ ਨੂੰ ਨਿਗਮ ਵਿਚ ਸ਼ਾਮਲ ਕਰਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪਿੰਡ ਵਾਸੀਆਂ ਨੇ ਪਿੰਡ ਨੂੰ ਨਿਗਮ ਤੋਂ ਬਾਹਰ ਨਾ ਕੱਢਣ ਦੀ ਸੂਰਤ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਵੀ ਫ਼ੈਸਲਾ ਕੀਤਾ।
ਸਰਪੰਚ ਗੁਰਸੇਵਕ ਸਿੰਘ, ਹਰਿੰਦਰ ਸਿੰਘ ਟਿੰਕਾ, ਭੁਪਿੰਦਰ ਸਿੰਘ ਭਿੰਦਾ ਪੰਚ, ਅਮਰਜੀਤ ਪੰਚ, ਬਹਾਦਰ ਸਿੰਘ, ਬਲਜਿੰਦਰ ਸਿੰਘ ਸਾਬਕਾ ਪੰਚ, ਹਰਦੀਪ ਸਿੰਘ ਨੰਬਰਦਾਰ, ਕਰਮਜੀਤ ਸਿੰਘ ਨੰਬਰਦਾਰ, ਗੁਰਸੇਵ ਸਿੰਘ, ਊਧਮ ਸਿੰਘ, ਗੁਰਬਾਜ ਸਿੰਘ ਸਾਬਕਾ ਪੰਚ, ਅਮਰਜੀਤ ਸਿੰਘ ਪਿੱਲੂ, ਉਮਰਾਓ ਸਿੰਘ, ਮਹਿੰਦਰ ਸਿੰਘ ਸੂਬੇਦਾਰ, ਅਵਤਾਰ ਸਿੰਘ ਪੰਚ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਗੁਰਦੀਪ ਸਿੰਘ ਪੰਚ, ਛਿੰਦਾ ਨੰਬਰਦਾਰ ਆਦਿ ਨੇ ਦੱਸਿਆ ਕਿ ਪਿੰਡ ਮੌਲੀ ਬੈਦਵਾਣ ਨੇ ਕਦੇ ਵੀ ਨਗਰ ਨਿਗਮ ਵਿਚ ਸ਼ਾਮਲ ਹੋਣ ਦੀ ਮੰਗ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਪੰਚਾਇਤੀ ਮਤੇ ਤੋਂ, ਬਿਨ੍ਹਾਂ ਪਿੰਡ ਵਾਸੀਆਂ ਦੇ ਕੋਈ ਇਤਰਾਜ਼ ਅਤੇ ਸੁਝਾਅ ਹਾਸਲ ਕੀਤਿਆਂ ਉਨ੍ਹਾਂ ਦੇ ਪਿੰਡ ਨੂੰ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਪਿੰਡ ਵਾਸੀਆਂ ਨਾਲ ਬੇਇਨਸਾਫ਼ੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਮੌਜੂਦਾ ਹੋਂਦ ਹੀ ਬਰਕਰਾਰ ਰੱਖਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹਦੂਦ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਸਹੂਲਤਾਂ ਘੱਟ ਮਿਲਣਗੀਆਂ ਜਦੋਂਕਿ ਪਿੰਡ ਵਾਸੀਆਂ ’ਤੇ ਟੈਕਸਾਂ ਦਾ ਬੋਝ ਵਧ ਵਧੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਨੂੰ ਜਿਉਂ ਦਾ ਤਿਉਂ ਹੀ ਰੱਖਿਆ ਜਾਵੇ ਅਤੇ ਇਸ ਨੂੰ ਨਿਗਮ ਵਿਚ ਸ਼ਾਮਿਲ ਨਾ ਕੀਤਾ ਜਾਵੇ।
ਪੰਚਾਇਤਾਂ ਅੱਜ ਕਰਨਗੀਆਂਂ ਅਗਲੀ ਰਣਨੀਤੀ ਦਾ ਐਲਾਨ
ਮੁਹਾਲੀ ਨਗਰ ਨਿਗਮ ਵਿੱਚ ਸ਼ਾਮਲ ਕੀਤੀਆਂ 16 ਪੰਚਾਇਤਾਂ ਵਿੱਚੋਂ ਕਰੀਬ 14 ਨਗਰ ਨਿਗਮ ਵਿੱਚ ਸ਼ਮੂਲੀਅਤ ਦੇ ਵਿਰੋਧ ਵਿੱਚ ਆ ਗਈਆਂ ਹਨ। ਇਨ੍ਹਾਂ ਪੰਚਾਇਤਾਂ ਵੱਲੋਂ ਪੰਜ ਦਸੰਬਰ ਨੂੰ ਮੁਹਾਲੀ ਵਿੱਚ ਪ੍ਰੈੱਸ ਕਾਨਫਰੰਸ ਵੀ ਰੱਖੀ ਗਈ ਹੈ। ਇਸ ਵਿੱਚ ਉਹ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
