ਨਾਜਾਇਜ਼ ਉਸਾਰੀਆਂ ਢਾਹੁਣ ਪੁੱਜੀ ਗਮਾਡਾ ਦੀ ਟੀਮ ਦਾ ਵਿਰੋਧ
ਮੁਹਾਲੀ ਦੇ ਫੇਜ਼ ਛੇ ਨੇੜੇ ਪੈਂਦੇ ਜੁਝਾਰ ਨਗਰ ਵਿੱਚ ਅਦਾਲਤੀ ਹੁਕਮਾਂ ਤਹਿਤ ਉਸਾਰੀਆਂ ਢਾਹੁਣ ਗਈ ਗਮਾਡਾ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਕਾਰਨ ਪਰਤਣਾ ਪਿਆ। ਟੀਮ ਬਿਨਾਂ ਕਿਸੇ ਕਾਰਵਾਈ ਨੂੰ ਅੰਜ਼ਾਮ ਦਿੱਤਿਆਂ ਪਰਤ ਆਈ। ਇਸ ਮੌਕੇ ਭਾਰੀ ਪੁਲੀਸ ਫੋਰਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਵਜੋਂ ਤਹਿਸੀਲਦਾਰ ਵੀ ਹਾਜ਼ਰ ਸੀ।
ਗਮਾਡਾ ਦੇ ਡੀਟੀਪੀ ਹਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਗਮਾਡਾ ਦੀ ਟੀਮ ਪਹੁੰਚਦਿਆਂ ਹੀ ਵੱਡੀ ਗਿਣਤੀ ਵਿੱਚ ਕਲੋਨੀ ਵਾਸੀ ਇਕੱਠੇ ਹੋ ਗਏ। ਉਨ੍ਹਾਂ ਦੀ ਗਮਾਡਾ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਕਲੋਨੀ ਦੇ ਵਸਨੀਕਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਵੱਲੋਂ ਜੀਵਨ ਭਰ ਦੀ ਕਮਾਈ ਨਾਲ ਇਹ ਉਸਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਵੱਲੋਂ ਸਾਰੇ ਲੋੜੀਂਦੇ ਦਸਤਾਵੇਜ਼ ਵੀ ਸਬੰਧਤ ਵਿਭਾਗਾਂ ਕੋਲ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਉਸਾਰੀਆਂ ਨਹੀਂ ਢਾਹੁਣ ਦੇਣਗੇ।
ਪਿੰਡ ਦੇ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਪੰਚਾਇਤ ਆਪਣੇ ਹੱਥ ’ਚ ਲਵੇਗੀ। ਉਨ੍ਹਾਂ ਕਿਹਾ ਕਿ ਅਦਾਲਤ ’ਚ ਇਸ ਸਬੰਧੀ ਚੱਲ ਰਹੇ ਕੇਸ ਵਿੱਚ ਵੀ ਪੰਚਾਇਤ ਆਪਣਾ ਪੱਖ ਰੱਖੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਗਮਾਡਾ ਨੂੰ ਸਾਰਾ ਮਾਮਲਾ ਮੁੜ ਵਿਚਾਰਨਾ ਚਾਹੀਦਾ ਹੈ। ਲੋਕਾਂ ਦੇ ਵਿਰੋਧ ਤੇ ਅਦਾਲਤ ਵਿੱਚ ਮਾਮਲੇ ਦੀ ਅਗਲੀ ਸੁਣਵਾਈ ਨੂੰ ਦੇਖਦਿਆਂ ਟੀਮ ਪਰਤ ਗਈ।
ਜਲਦੀ ਹੀ ਦਿੱਤਾ ਜਾਵੇਗਾ ਕਾਰਵਾਈ ਨੂੰ ਅੰਜ਼ਾਮ: ਡੀਟੀਪੀ
ਗਮਾਡਾ ਦੇ ਜ਼ਿਲ੍ਹਾ ਟਾਊਨ ਪਲਾਨਰ ਹਰਿੰਦਰਪਾਲ ਸਿੰਘ ਨੇ ਆਖਿਆ ਕਿ ਗਮਾਡਾ ਵੱਲੋਂ ਇਸ ਮਾਮਲੇ ਸਬੰਧੀ ਜਲਦੀ ਹੀ ਅਗਲੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਾ ਕੁੱਝ ਕਾਨੂੰਨ ਤਹਿਤ ਕੀਤਾ ਜਾ ਰਿਹਾ ਹੈ।