ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣ ਤੋਂ ਪਹਿਲਾਂ ਵਿਰੋਧੀਆਂ ਨੇ ਹਾਰ ਮੰਨੀ: ਭਗਵੰਤ ਮਾਨ

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਚੋਣਾਂ ਲਈ ਉਮੀਦਵਾਰ ਨਾ ਮਿਲਣ ਦਾ ਦਾਅਵਾ; ਅਕਾਲੀ ਦਲ ਤੇ ਕਾਂਗਰਸ ’ਤੇ ਦੂਸ਼ਣਬਾਜ਼ੀ ਦੇ ਦੋਸ਼ ਲਾਏ
Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਤੋਂ ਇਕ ਦਿਨ ਪਹਿਲਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਣੇ ਹੋਰਨਾਂ ਸਿਆਸੀ ਪਾਰਟੀਆਂ ਦੀ ਘੇਰਾਬੰਦੀ ਕੀਤੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਪੋਲਿੰਗ ਤੋਂ ਇਕ ਦਿਨ ਪਹਿਲਾਂ ਹੀ ਹਾਰ ਮੰਨ ਚੁੱਕੀਆਂ ਹਨ। ਇਸੇ ਕਰਕੇ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਏ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 111 ਦਿਨ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਲੰਘੇ ਦਿਨ ਬਿਆਨ ਦਿੱਤਾ ਕਿ ‘ਆਪ’ ਨੇ ਚੋਣਾਂ ਦੌਰਾਨ ਹਰ ਬੂਥ ’ਤੇ 100-100 ਬੈਲਟ ਪੇਪਰ ਅਜਿਹੇ ਛਪਵਾ ਲਏ ਹਨ, ਜਿਸ ’ਤੇ ਪਹਿਲਾਂ ਹੀ ਝਾੜੂ ਦੇ ਨਿਸ਼ਾਨ ’ਤੇ ਮੋਹਰਾਂ ਲੱਗੀਆਂ ਹੋਈਆਂ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੀ ਹੈ। ਇਸੇ ਕਰਕੇ ਹੁਣ ਦੂਸ਼ਣਬਾਜੀ ਕਰਕੇ ਆਪਣੀ ਹਾਰ ਦਾ ਠੀਕਰਾ ਦੂਜਿਆਂ ਸਿਰ ਭੰਨਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

Advertisement

ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਅੰਦਰੂਨੀ ਫੁੱਟ ਕਰਕੇ ਦੇਸ਼ ਵਿੱਚ ਇਕ ਤੋਂ ਬਾਅਦ ਇਕ ਚੋਣ ਹਾਰਦੀ ਜਾ ਰਹੀ ਹੈ, ਪਰ ਉਹ ਆਪਣੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਦੀ ਥਾਂ ਦੂਜਿਆਂ ਸਿਰ ਦੋਸ਼ ਮੜਨ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਈਵੀਐੱਮ ’ਤੇ ਸਵਾਲ ਚੁੱਕਦੀ ਰਹੀ ਹੈ। ਇਸ ਤੋਂ ਬਾਅਦ ਵੋਟ ਚੋਰੀ ਦਾ ਮੁੱਦਾ ਚੁੱਕਿਆ, ਜਿਸ ਦੀ ‘ਆਪ’ ਨੇ ਵੀ ਹਮਾਇਤ ਕੀਤੀ ਹੈ, ਪਰ ਹੁਣ ਇਹੀ ਕਾਂਗਰਸ ਪਾਰਟੀ ਬੈਲਟ ਪੇਪਰਾਂ ’ਤੇ ਵੀ ਸਵਾਲ ਚੁੱਕ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਅਤੇ ਭਾਜਪਾ ਵੀ ਆਪਣੀ ਹਾਰ ਨੂੰ ਵੇਖਦਿਆਂ ਦੂਸ਼ਣਬਾਜ਼ੀ ਕਰਨ ਵਿਚ ਲੱਗੇ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਵਿੱਚੋਂ 346 ’ਤੇ ‘ਆਪ’, 331 ’ਤੇ ਕਾਂਗਰਸ, 298 ’ਤੇ ਸ਼੍ਰੋਮਣੀ ਅਕਾਲੀ ਦਲ, 215 ’ਤੇ ਭਾਜਪਾ, 50 ’ਤੇ ਬਹੁਜਨ ਸਮਾਜ ਪਾਰਟੀ, 4 ’ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ 143 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਇਸੇ ਤਰ੍ਹਾਂ ਪੰਚਾਇਤ ਸਮਿਤੀ ਦੇ 2833 ਜ਼ੋਨਾਂ ਵਿੱਚੋਂ 351 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਇਸ ਵਿੱਚ ਆਮ ਆਦਮੀ ਪਾਰਟੀ ਦੇ 340, ਕਾਂਗਰਸ ਦੇ ਤਿੰਨ ਅਤੇ 8 ਆਜ਼ਾਦ ਉਮੀਦਵਾਰ ਸ਼ਾਮਲ ਹਨ। ਜੇਕਰ ਇਕ ਦੋ ਥਾਵਾਂ ’ਤੇ ਖਿੱਚ-ਧੂਹ ਹੋ ਗਈ ਹੈ ਤਾਂ ਸਾਰੀ ਚੋਣ ਪ੍ਰਣਾਲੀ ’ਤੇ ਸਵਾਲ ਚੁੱਕਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਚੋਣਾਂ ਲੜਾਉਣ ਲਈ ਬੰਦੇ ਨਹੀਂ ਲੱਭ ਰਹੇ ਹਨ। ਇਸੇ ਕਰਕੇ ਉਹ ਸੱਤਾਧਾਰੀ ਧਿਰ ’ਤੇ ਦੋਸ਼ ਲਗਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੇ ਸਾਡੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਕੰਮ ਕੀਤੇ ਹਨ, ਜਿਨ੍ਹਾਂ ਦੇ ਆਧਾਰ ’ਤੇ ਪਾਰਟੀ ਵੱਲੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ।

ਨਵਜੋਤ ਕੌਰ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ: ਭਗਵੰਤ ਮਾਨਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਕੌਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਮੰਗਣ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ (ਨਵਜੋਤ ਕੌਰ) ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਪੁੱਠੇ ਸਿੱਧੇ ਬਿਆਨ ਦਵੋ ਅਤੇ ਫਿਰ ਸੁਰੱਖਿਆ ਮੰਗਣ ਲੱਗ ਜਾਵੋ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਕੁਰਸੀਆਂ ਦੀ ਕੀਮਤ ਲੱਗਦੀ ਹੈ ਅਤੇ ਪਹਿਲਾਂ ਵੀ ਮੁੱਖ ਮੰਤਰੀ ਕੀਮਤ ਅਦਾ ਕਰਕੇ ਹੀ ਕੁਰਸੀ ਲੈਂਦੇ ਰਹੇ ਹਨ।

 

 

Advertisement
Tags :
Block Samiti electionsCM Bhagwant Mannpunjab newsZila Parishad electionsਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂਪੰਜਾਬ ਖ਼ਬਰਾਂਪੰਜਾਬੀ ਖ਼ਬਰਾਂਮੁੱਖ ਮੰਤਰੀ ਭਗਵੰਤ ਮਾਨ
Show comments