ਡੇਰਾ ਗੁਸਾਈਂਆਣਾ ਦੇ ਜੰਗਲਾਂ ’ਚ ਲਗਾਏ ਜਾਣਗੇ ਇੱਕ ਹਜ਼ਾਰ ਬੂਟੇ
ਮਿਹਰ ਸਿੰਘ
ਕੁਰਾਲੀ, 13 ਜੁਲਾਈ
ਇੱਥੋਂ ਦੇ ਪ੍ਰਾਚੀਨ ਡੇਰਾ ਗੁਸਾਈਂਆਣਾ ਵਿਖੇ ਜੰਗਲਾਤ ਵਿਭਾਗ ਵੱਲੋਂ ਬੂਟੇ ਲਗਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਇਸ ਮੁਹਿੰਮ ਦਾ ਉਦਘਾਟਨ ਡੇਰਾ ਮੁਖੀ ਬਾਬਾ ਧਨਰਾਜ ਗਿਰ ਨੇ ਬੂਟਾ ਲਗਾ ਕੇ ਕੀਤਾ। ਡੇਰੇ ਦੇ ਜੰਗਲ ਵਿੱਚ ਵਿਭਾਗ ਵਲੋਂ ਇੱਕ ਹਜ਼ਾਰ ਬੂਟੇ ਲਗਾਏ ਜਾਣਗੇ।
ਜੰਗਲਾਤ ਵਿਭਾਗ ਦੇ ਰੇਂਜ ਦੇ ਅਧਿਕਾਰੀਆਂ ਕੁਲਦੀਪ ਸਿੰਘ ਤੇ ਬਲਵੀਰ ਸਿੰਘ ਨੇ ਦੱਸਿਆ ਕਿ ਰੇਂਜ ਅਫ਼ਸਰ ਅਕਾਸ਼ਦੀਪ ਆਦੀਵਾਲ ਦੀ ਦੇਖ-ਰੇਖ ਹੇਠ ਡੇਰੇ ਵਿੱਚ ਛਾਂਦਾਰ ਅਤੇ ਫਲ਼ਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਮੌਕੇ ਡੇਰਾ ਮੁਖੀ ਬਾਬਾ ਧੰਨਰਾਜ ਗਿਰ ਨੇ ਕੌਂਸਲਰ ਬਹਾਦਰ ਸਿੰਘ ਓਕੇ, ਸਾਬਕਾ ਸਰਪੰਚ ਲਖਵੀਰ ਸਿੰਘ ਬਿੱਟੂ ਗੋਸਲਾਂ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਪੌਦਾ ਲਗਾਇਆ ਅਤੇ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੱਤਾ। ਬਾਬਾ ਧਨਰਾਜ ਗਿਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਹਰ ਇਕ ਨੂੰ ਆਪਣੀ ਜ਼ਿੰਦਗੀ ’ਚ ਘੱਟੋ-ਘੱਟ ਇੱਕ ਬੂਟਾ ਲਗਾ ਕੇ ਜ਼ਰੂਰ ਪਾਲਣਾ ਚਾਹੀਦਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜ਼ੈਲਦਾਰ ਮਨਜੀਤ ਸਿੰਘ ਸਿੰਘਪੁਰਾ, ਸੁੱਖਾ ਇਟਲੀ, ਲੋਕ ਗਾਇਕ ਓਮਿੰਦਰ ਓਮਾ, ਖੁਸ਼ਹਾਲ ਸਿੰਘ ਭੱਟੀ ਸਮੇਤ ਹੋਰ ਵੀ ਹਾਜ਼ਰ ਸਨ।