ਸੜਕ ਹਾਦਸੇ ’ਚ ਇੱਕ ਹਲਾਕ ਤੇ ਦੂਜਾ ਜ਼ਖ਼ਮੀ
ਮਿਹਰ ਸਿੰਘ
ਕੁਰਾਲੀ, 29 ਜੂਨ
ਥਾਨਕ ਕੌਂਸਲ ਦੀ ਹੱਦ ਅੰਦਰ ਪਿੰਡ ਪਡਿਆਲਾ ਵਿੱਚ ਹੋਏ ਸੜਕ ਹਾਦਸੇ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਹਾਦਸੇ ਸਬੰਧੀ ਸਥਾਨਕ ਸਿਟੀ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੁਰਾਲੀ-ਖਰੜ ਕੌਮੀ ਮਾਰਗ ’ਤੇ ਪ੍ਰਭ ਆਸਰਾ ਨੇੜੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਜਣੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਸੜਕ ਸੁਰੱਖਿਆ ਫੋਰਸ ਅਤੇ ਐਂਬੂਲੈਂਸ ਨੂੰ ਫੋਨ ਕੀਤੇ ਪਰ ਕਾਫ਼ੀ ਸਮੇਂ ਤੱਕ ਦੋਵਾਂ ਦੇ ਨਾ ਪੁੱਜਣ ’ਤੇ ਲੋਕਾਂ ਨੇ ਸਰਕਾਰੀ ਸੇਵਾਵਾਂ ਮਿਲਣ ਵਿੱਚ ਹੋਈ ਢਿੱਲ ਦੀ ਨਿਖੇਧੀ ਕੀਤੀ ਅਤੇ ਰੋਸ ਵੀ ਪ੍ਰਗਟਾਇਆ। ਇਸੇ ਦੌਰਾਨ ਗੰਭੀਰ ਜ਼ਖ਼ਮੀ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਅਤੇ ਸਥਾਨਕ ਸਿਟੀ ਪੁਲੀਸ ਦੀ ਟੀਮ ਨੇ ਘਟਨਾ ਸਥਾਨ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਵਾਸੀ ਸਲੇਮਪੁਰ ਵਜੋਂ ਦੱਸੀ ਜਾਂਦੀ ਹੈ। ਪੁਲੀਸ ਵੱਲੋਂ ਹਾਦਸੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਟੱਕਰ ਮਾਰਨ ਵਾਲੀ ਗੱਡੀ ਦਾ ਚਾਲਕ ਵਾਹਨ ਸਣੇ ਫ਼ਰਾਰ ਹੋ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਅਨੁਸਾਰ ਟੱਕਰ ਮਾਰਨ ਵਾਲੀ ਗੱਡੀ ਐੱਕਸਯੂਵੀ ਦੱਸੀ ਜਾਂਦੀ ਹੈ। ਮੋਟਰਸਾਈਕਲ ਨੂੰ ਟੱਕਰ ਮਾਰ ਕੇ ਕਾਰ ਚਾਲਕ ਰੂਪਨਗਰ ਵੱਲ ਫ਼ਰਾਰ ਹੋ ਗਿਆ। ਪੁਲੀਸ ਨੇ ਇਸ ਸਬੰਧੀ ਤੁਰੰਤ ਸੋਲਖੀਆਂ ਟੌਲ ਪਲਾਜ਼ਾ ਨੂੰ ਸੂਚਿਤ ਕਰ ਕੇ ਗੱਡੀ ਦੀ ਸ਼ਨਾਖ਼ਤ ਲਈ ਕਿਹਾ ਹੈ। ਪੁਲੀਸ ਵੱਲੋਂ ਹਾਦਸੇ ਸਬੰਧੀ ਕਾਰਵਾਈ ਅਤੇ ਟੱਕਰ ਮਾਰਨ ਵਾਲੀ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।