ਰਾਹਤ ਸਮੱਗਰੀ ਦੇ ਡੇਢ ਦਰਜਨ ਟਰੱਕ ਭੇਜੇ
ਗੁਰੂਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਅੱਜ ਰਾਹਤ ਸਮੱਗਰੀ ਦੇ ਡੇਢ ਦਰਜਨ ਤੋਂ ਵੀ ਵਧੇਰੇ ਟਰੱਕਾਂ ਸਣੇ ਰਮਦਾਸ ਅਤੇ ਡੇਰਾ ਬਾਬਾ ਨਾਨਕ ਇਲਾਕੇ ਲਈ ਰਵਾਨਾ ਹੋਏ। ਸਮੂਹ ਸਾਧ ਸੰਗਤ ਅਤੇ ਦਾਨੀ ਸੱਜਣਾਂ ਤੋਂ ਇਲਾਵਾ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਦੇ ਸਹਿਯੋਗ ਨਾਲ ਅੱਜ ਜਿੱਥੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਦੀ ਹਾਜ਼ਰੀ ਵਿੱਚ ਪਸ਼ੂਆਂ ਲਈ ਚਾਰੇ ਅਤੇ ਰਾਹਤ ਸਮੱਗਰੀ ਦੇ 18 ਟਰੱਕ ਰਵਾਨਾ ਕੀਤੇ ਗਏ, ਉੱਥੇ ਹੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਤੇ ਹੋਰ ਨੌਜਵਾਨ ਸੰਤਾਂ ਦੀ ਰਹਿਨੁਮਾਈ ਅਧੀਨ ਹੜ੍ਹ ਪੀੜਤਾਂ ਲਈ ਦਵਾਈਆਂ ਤੇ ਸੈਨੇਟਰੀ ਪੈਡ ਲੈ ਕੇ ਰਵਾਨਾ ਹੋਏ। ਸੰਤ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਸ਼ੂਆਂ ਦੇ ਆਚਾਰ ਦੀ ਸੇਵਾ ਜਾਰੀ ਰੱਖੀ ਜਾਵੇਗੀ ਅਤੇ ਹੜ੍ਹਾਂ ਦੇ ਸੀਜ਼ਨ ਤੋਂ ਬਾਅਦ ਕਿਸਾਨਾਂ ਦੀ ਖਰਾਬ ਹੋਈ ਜ਼ਮੀਨ ਨੂੰ ਪੱਧਰ ਕਰਨ ਅਤੇ ਲੋੜੀਂਦੀਆਂ ਖਾਦਾਂ ਤੇ ਫਸਲਾਂ ਦੇ ਬੀਜ ਵੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸੰਤ ਅਮਰਜੀਤ ਸਿੰਘ ਜੀ ਹਰਖੋਵਾਲ, ਸ਼ਿਵ ਕੁਮਾਰ ਸੈਣੀ, ਸੁਖਪਾਲ ਸਿੰਘ ਸੁੱਖੀ, ਚਰਨਜੀਤ ਸਿੰਘ ਰਿੰਕੂ, ਗੁਰਮੁੱਖ ਸਿੰਘ ਸੈਣੀ, ਜਸਵਿੰਦਰ ਸਿੰਘ ਬਾਲਾ ਆਦਿ ਹਾਜ਼ਰ ਸਨ।