ਬਿਨਾਂ ਅਦਾਇਗੀ ਕੀਤਿਆਂ ਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀ ਬੇਰੰਗ ਪਰਤੇ
ਕਿਸਾਨ ਚਤੰਨ ਸਿੰਘ, ਸੁਖਜੀਤ ਸਿੰਘ, ਨੰਬਰਦਾਰ ਗੁਰਵਿੰਦਰ ਸਿੰਘ, ਸ਼ੇਰ ਸਿੰਘ, ਅਵਤਾਰ ਸਿੰਘ, ਡਾ ਮਨੋਹਰ ਸ਼ਰਮਾ ਨੱਗਲ, ਗਰੀਬ ਸਿੰਘ ਬੁੱਢਣਪੁਰ ਆਦਿ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਸਾਲ 2022 ਵਿੱਚ ਗ੍ਰੀਨ ਐਕਸਪ੍ਰੈਸ ਹਾਈਵੇਅ ਲਈ ਐਨਐਚਏਆਈ ਨੇ ਜ਼ਮੀਨ ਐਕੁਆਇਰ ਕੀਤੀ ਸੀ ਜਿਸ ਦਾ ਜਨਵਰੀ 2023 ਵਿੱਚ ਐਵਾਰਡ ਬਣ ਗਿਆ ਸੀ ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਮਿਲ ਗਿਆ ਪਰ ਐਕੁਆਇਰ ਕੀਤੀ ਜ਼ਮੀਨ ਵਿਚੋਂ ਕੁਝ ਨੰਬਰ ਮਿਸ ਹੋ ਗਏ ਸਨ। ਇਹ ਜ਼ਮੀਨਾਂ ਭਾਵੇਂ ਕਿਸਾਨਾਂ ਕੋਲੋਂ ਖੋਹ ਲਈਆਂ ਗਈਆਂ ਸਨ, ਪਰ ਕਿਸਾਨਾਂ ਨੇ ਇਨ੍ਹਾਂ ਜ਼ਮੀਨਾਂ ’ਤੇ ਸੜਕ ਬਣਾ ਰਹੀ ਕੰਪਨੀ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ।
ਅੱਜ ਬਾਅਦ ਦੁਪਿਹਰ ਡਿਊਟੀ ਮਜਿਸਟ੍ਰੈਟ ਕਮ ਨਾਇਬ ਤਹਿਸੀਲਦਾਰ ਬਨੂੜ ਹਰਜੋਤ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਤੇ ਐਨਐਚਏਆਈ ਦੇ ਅਧਿਕਾਰੀ ਮਸ਼ੀਨਾਂ ਲੈ ਕੇ ਪੂਰੇ ਲਾਮ ਲਸ਼ਕਰ ਨਾਲ ਮਨੌਲੀ ਸੂਰਤ ਪੁੱਜੇ। ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਵੀ ਸਨ। ਕਬਜ਼ਾ ਕਾਰਵਾਈ ਦੀ ਸੂਚਨਾ ਮਿਲਣ ਤੇ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਕਿਸਾਨ ਵੀ ਇਕੱਠ ਹੋ ਗਏ। ਕਿਸਾਨਾਂ ਨੇ ਕਿਸਾਨ ਯੂਨੀਅਨਾਂ ਦੇ ਝੰਡੇ ਵੀ ਚੁੱਕੇ ਹੋਏ ਸਨ। ਡਿਊਟੀ ਮੈਜਿਸਟ੍ਰੇਟ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਆਪੋ-ਆਪਣੀਆਂ ਮੁਸ਼ਕਿਲਾਂ ਦੱਸੀਆਂ।
ਕਿਸਾਨਾਂ ਨੇ ਕਿਹਾ ਕਿ ਜਦੋ ਤਕ ਮੁਆਵਜ਼ਾ ਨਹੀ ਮਿਲਦਾ ਤੇ ਰਸਤੇ, ਇੰਤਕਾਲ ਆਦਿ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੁੰਦਾ, ਉਦੋਂ ਤੱਕ ਉਹ ਆਪਣੀਆਂ ਜ਼ਮੀਨਾਂ ਦੇ ਕਬਜ਼ੇ ਨਹੀਂ ਦੇਣਗੇ। ਕਿਸਾਨਾਂ ਨੇ ਕਿਹਾ ਕਿ ਮਨੌਲੀ ਸੂਰਤ ਤੇ ਪਰਾਗਪੁਰ ਦੇ ਕਰੀਬ ਦੋ-ਦੋ ਦਰਜਨ ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਇਸ ਤਰਾਂ ਪਿੰਡ ਨੱਗਲ ਸਲੇਮਪੁਰ, ਛੜਬੜ, ਬੁੱਢਣਪੁਰ ਤੇ ਬਾਸਮਾਂ ਪਿੰਡ ਦੇ ਕਿਸਾਨਾਂ ਨੂੰ ਵੀ ਹਾਲੇ ਤਕ ਮੁਆਵਜ਼ਾ ਨਹੀਂ ਮਿਲਿਆ।
ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਡਿਊਟੀ ਮੈਜਿਸਟ੍ਰੇਟ ਹਰਜੋਤ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਭਲਕੇ 21 ਜੁਲਾਈ ਨੂੰ ਸਵੇਰੇ ਦਸ ਵਜੇ ਡੀਆਰਓ ਦਫਤਰ ਪੁੱਜਣ ਲਈ ਕਹਿ ਕੇ ਪਰਤ ਗਏ। ਇਸ ਮੌਕੇ ਕਾਨੂੰਗੋ ਹਰਜੀਤ ਸਿੰਘ, ਐਨਐਚਏਆਈ ਦੇ ਅਧਿਕਾਰੀ ਸ੍ਰੀ ਗਰਵਿਤ ਤੋਂ ਇਲਾਵਾ ਕਿਸਾਨ ਜਤਿੰਦਰ ਸਿੰਘ ਬੁੱਢਣਪੁਰ, ਜਸਵਿੰਦਰ ਸਿੰਘ ਛੜਬੜ, ਰਾਮ ਸਿੰਘ ਮਨੌਲੀ ਸੂਰਤ, ਸਾਬਕਾ ਸਰਪੰਚ ਗੱਜਣ ਸਿੰਘ, ਬਲਬੀਰ ਸਿੰਘ, ਬਹਾਦਰ ਸਿੰਘ ਆਦਿ ਹਾਜ਼ਰ ਸਨ।