ਅਧਿਕਾਰੀ ਵੱਲੋਂ ਸਮਗੌਲੀ ਤੇ ਖੇੜੀ ਗੁੱਜਰਾਂ ਦਾ ਦੌਰਾ
ਇੱਥੋਂ ਦੇ ਪਿੰਡ ਸਮਗੌਲੀ ਅਤੇ ਖੇੜੀ ਗੁੱਜਰਾਂ ਦੇ ਵਸਨੀਕ ਖੁੱਲ੍ਹੇ ਵਿੱਚ ਫੀਡ ਸੁਕਾਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤਾਂ ਭੇਜੀਆਂ ਸਨ। ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ ਡੀ ਓ ਅਮਰਪ੍ਰੀਤ ਸਿੰਘ ਨੇ ਦੌਰਾ ਕਰ ਕੇ ਕਾਰਵਾਈ ਦਾ ਭਰੋਸਾ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਸਮਗੌਲੀ ਅਤੇ ਖੇੜੀ ਗੁੱਜਰਾਂ ਵਿੱਚ ਕੁਝ ਲੋਕ ਖੁੱਲ੍ਹੇ ਵਿੱਚ ਫੀਡ ਸੁਕਾਉਂਦੇ ਹਨ। ਇਸ ਕਾਰਨ ਪਿੰਡ ਵਿੱਚ ਬਦਬੂ ਆਉਂਦੀ ਰਹਿੰਦੀ ਹੈ। ਇਸ ਤੋਂ ਇਲਾਵਾ ਫੀਡ ਕਾਰਨ ਮੱਖੀਆਂ ਤੇ ਮੱਛਰ ਪੈਦਾ ਹੁੰਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਟਰਾਲੀਆਂ ਵਿੱਚ ਇੱਥੇ ਫੀਡ ਲਿਆਉਣ ਦੌਰਾਨ ਰਾਹਾਂ ’ਚ ਵੀ ਗੰਦਗੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਪਿੰਡ ਵਿੱਚ ਜ਼ਮੀਨ ਕਿਰਾਏ ’ਤੇ ਲੈ ਕੇ ਫੀਡ ਸੁਕਾ ਰਹੇ ਹਨ।
ਐੱਸ ਡੀ ਓ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਅੱਜ ਦੌਰਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
