ਸਾਬਕਾ ਕੇਂਦਰੀ ਮੰਤਰੀ ਖਿਲਾਫ਼ ਇਤਰਾਜ਼ਯੋਗ ਟਿੱਪਣੀ: ਪੰਜਾਬ ਕਾਂਗਰਸ ਪ੍ਰਧਾਨ ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਕੇਸ ਦਰਜ
Casteist Remarks Against Former Union Home Minister ਕਪੂਰਥਲਾ ਦੇ ਸਾਈਬਰ ਅਪਰਾਧ ਪੁਲੀਸ ਥਾਣੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਸਾਬਕਾ ਕੇਂਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਤੇ ਇਤਰਾਜ਼ਯੋਗ ਟਿੱਪਣੀਆਂ ਲਈ ਕੇਸ ਦਰਜ ਕੀਤਾ ਗਿਆ ਹੈ।
ਇਹ ਸ਼ਿਕਾਇਤ ਮਰਹੂਮ ਆਗੂ ਦੇ ਭਤੀਜੇ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਵੱਲੋਂ ਦਾਇਰ ਕੀਤੀ ਗਈ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਤਰਨ ਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਆਪਣੇ ਮਰਹੂਮ ਪਿਤਾ ਦੀ ਜਾਤ ਅਤੇ ਸਰੀਰਕ ਦਿੱਖ ਦਾ ਹਵਾਲਾ ਦਿੰਦੇ ਹੋਏ ਬੂਟਾ ਸਿੰਘ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ।
ਸ਼ਿਕਾਇਤਕਰਤਾ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਕਥਿਤ ਤੌਰ ’ਤੇ ਟਿੱਪਣੀ ਕੀਤੀ ਸੀ ਕਿ ਬੂਟਾ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ ਗਿਆ ਸੀ ‘ਸਿਰਫ਼ ਇਸ ਲਈ ਕਿਉਂਕਿ ਉਹ ਇੱਕ ਕਾਲਾ ਮਜ਼੍ਹਬੀ ਸਿੱਖ ਸੀ, ਜੋ ਮੱਝਾਂ ਨੂੰ ਚਾਰਾ ਆਦਿ ਪਾਉਂਦਾ ਸੀ।’ ਸਿੱਧੂ ਨੇ ਦਲੀਲ ਦਿੱਤੀ ਕਿ ਇਹ ਬਿਆਨ ਸਮਾਜਿਕ ਤੌਰ ’ਤੇ ਅਪਮਾਨਜਨਕ ਸੀ ਅਤੇ ਇਸ ਦਾ ਮੰਤਵ ਨਾ ਸਿਰਫ਼ ਉਨ੍ਹਾਂ ਦੇ ਪਿਤਾ ਦੀ ਵਿਰਾਸਤ ਨੂੰ ਬਲਕਿ ਪੂਰੇ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਅਪਮਾਨਿਤ ਕਰਨਾ ਸੀ।
ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਇਹ ਮਾਮਲਾ ਕਪੂਰਥਲਾ ਦੇ ਸੀਨੀਅਰ ਪੁਲੀਸ ਸੁਪਰਡੈਂਟ ਸਾਹਮਣੇ ਰੱਖਿਆ ਗਿਆ ਸੀ, ਜਿਨ੍ਹਾਂ ਨੇ ਡਿਪਟੀ ਜ਼ਿਲ੍ਹਾ ਅਟਾਰਨੀ ਤੋਂ ਕਾਨੂੰਨੀ ਸਮੀਖਿਆ ਦੀ ਮੰਗ ਕੀਤੀ ਸੀ। 3 ਨਵੰਬਰ ਨੂੰ ਇੱਕ ਕਾਨੂੰਨੀ ਰਾਏ ਵਿੱਚ, ਇਸਤਗਾਸਾ ਪੱਖ ਨੇ ਸਲਾਹ ਦਿੱਤੀ ਕਿ ਕਾਨੂੰਨ ਦੇ ਸਬੰਧਤ ਉਪਬੰਧਾਂ ਤਹਿਤ ਪਹਿਲੀ ਨਜ਼ਰੇ ਅਪਰਾਧ ਦਾ ਮਾਮਲਾ ਬਣਦਾ ਹੈ। ਸਿਫਾਰਸ਼ ’ਤੇ ਕਾਰਵਾਈ ਕਰਦੇ ਹੋਏ ਐੱਸਐੱਸਪੀ ਨੇ ਸਾਈਬਰ ਕ੍ਰਾਈਮ ਪੁਲੀਸ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ।
