ਮੁਹਾਲੀ ਦੇ ਮੈਡੀਕਲ ਕਾਲਜ ਦੇ ਨਰਸਿੰਗ ਸਟਾਫ ਵੱਲੋਂ ਹੜਤਾਲ
ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਮੁਹਾਲੀ ਦੇ ਮੈਡੀਕਲ ਕਾਲਜ ਦੇ ਨਰਸਿੰਗ ਸਟਾਫ ਨੇ ਅੱਜ ਹੜਤਾਲ ਕੀਤੀ। ਨਰਸਾਂ ਨੇ ਹਸਪਤਾਲ ਦੇ ਅਹਾਤੇ ਵਿੱਚ ਧਰਨਾ ਦਿੱਤਾ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਨਰਸਿੰਗ ਸਟਾਫ ਨੇ ਬਾਕੀ ਸਾਰੇ ਕੰਮਾਂ ਦਾ ਬਾਈਕਾਟ ਕੀਤਾ। ਇਸ ਨਾਲ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਹੋਈ। ਨਰਸਿੰਗ ਸਟਾਫ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 29 ਸਤੰਬਰ ਤੋਂ ਐਮਰਜੈਂਸੀ ਸੇਵਾਵਾਂ ਵਿੱਚ ਵੀ ਕੰਮ ਬੰਦ ਕਰ ਦਿੱਤਾ ਜਾਵੇਗਾ। ਇਹ ਹੜਤਾਲ ਸਾਂਝੀ ਐਸੋਸੀਏਸ਼ਨ ਦੇ ਸੱਦੇ ਤਹਿਤ ਮੁਹਾਲੀ ਤੋਂ ਇਲਾਵਾ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ ਵੀ ਚੱਲ ਰਹੀ ਹੈ।
ਨਰਸਿੰਗ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਦੱਸਿਆ ਕਿ ਤਿੰਨੋਂ ਕਾਲਜਾਂ ਨਾਲ ਸਬੰਧਤ ਨਰਸਿੰਗ ਯੂਨੀਅਨ ਦੇ ਨੁਮਾਇੰਦਿਆਂ ਦੀ ਕੱਲ੍ਹ ਚੰਡੀਗੜ੍ਹ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਸੀ ਪਰ ਕੋਈ ਹੱਲ ਨਾ ਨਿਕਲਣ ਕਾਰਨ ਮੀਟਿੰਗ ਬੇਸਿੱਟਾ ਰਹੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਭਰੋਸੇ ’ਤੇ ਹੀ ਉਨ੍ਹਾਂ ਐਮਰਜੈਂਸੀ ਸੇਵਾਵਾਂ ਦਾ ਬਾਈਕਾਟ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਰਸਿੰਗ ਕੇਡਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਪਿਛਲੇ ਲਗਪਗ ਛੇ ਸਾਲਾਂ ਤੋਂ ਜਥੇਬੰਦੀ ਸੰਘਰਸ਼ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਨਰਸਿੰਗ ਕੇਡਰ ’ਤੇ ਬਣਦਾ 4600 ਗਰੇਡ ਪੇਅ ਬਹਾਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਛੇ ਸਾਲਾਂ ਤੋਂ ਸਰਕਾਰ ਉਨ੍ਹਾਂ ਦੀ ਇਸ ਹੱਕੀ ਮੰਗ ਨੂੰ ਅਣਗੌਲਿਆਂ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ 4600 ਗਰੇਡ ਪੇਅ ਦਾ ਨੋਟੀਫਿਕੇਸ਼ਨ ਪ੍ਰਾਪਤ ਕੀਤੇ ਬਿਨਾਂ ਹੜਤਾਲ ਖ਼ਤਮ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਬਾ ਪੱਧਰੀ ਅਤੇ ਲੋਕਲ ਨਰਸਿੰਗ ਜਥੇਬੰਦੀਆਂ ਵੱਲੋਂ ਮੁਹਾਲੀ ਅਤੇ ਬਾਕੀ ਮੈਡੀਕਲ ਕਾਲਜਾਂ ਦੇ ਮੁਖੀਆਂ ਨੂੰ ਵੀ ਇਤਲਾਹ ਦੇ ਦਿੱਤੀ ਹੈ।