ਤਸੌਲੀ ’ਚ ਬੁਖ਼ਾਰ ਪੀੜਤਾਂ ਦੀ ਗਿਣਤੀ ਵਧੀ
ਸਬ-ਤਹਿਸੀਲ ਬਨੂੜ ਅਧੀਨ ਪੈਂਦੇ ਪਿੰਡ ਤਸੌਲੀ ਵਿੱਚ ਬੁਖ਼ਾਰ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਈ ਪਰਿਵਾਰਾਂ ਦੇ ਪੂਰੇ ਦੇ ਪੂਰੇ ਜੀਅ ਬੁਖ਼ਾਰ ਤੋਂ ਪੀੜਤ ਹਨ। ਬੁਖ਼ਾਰ ਪੀੜਤਾਂ ਦੇ ਪਲੇਟਲੈੱਟਸ ਵੀ ਘਟ ਰਹੇ ਹਨ ਅਤੇ ਕਈ ਮਰੀਜ਼ਾਂ ਦਾ ਡੇਂਗੂ ਦਾ ਟੈਸਟ ਵੀ ਪਾਜ਼ੇਟਿਵ ਪਾਇਆ ਗਿਆ ਹੈ।
ਪਿੰਡ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਪਿੰਡ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਬੁਖ਼ਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈਆਂ ਦੇ ਪਲੇਟਲੈੱਟਸ ਘਟਣ ਕਾਰਨ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਵੀ ਰਹਿਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਵੀ ਪਿੰਡ ਦੇ ਦੋ ਦਰਜਨ ਦੇ ਕਰੀਬ ਵਸਨੀਕ ਬੁਖ਼ਾਰ ਤੋਂ ਪੀੜਤ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਮਾਰਨ ਵਾਸਤੇ ਫੌਗਿੰਗ ਵੀ ਕਰਵਾਈ ਗਈ ਹੈ।
ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਉਣ ਉਪਰੰਤ ਪੀ ਐੱਚ ਸੀ ਘੜੂੰਆਂ ਤੋਂ ਅੱਜ ਸਿਹਤ ਕਰਮਚਾਰੀਆਂ ਨੇ ਪਿੰਡ ਵਿੱਚ ਆ ਕੇ ਘਰ-ਘਰ ਸਰਵੇਖਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀਆਂ ਨੇ ਪਿੰਡ ਵਾਸੀਆਂ ਨੂੰ ਡੇਂਗੂ ਤੇ ਬੁਖ਼ਾਰ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਤੋਂ ਜਾਣੂ ਕਰਾਇਆ। ਸਿਹਤ ਵਿਭਾਗ ਦੇ ਐੱਸ ਆਈ ਨਰੇਸ਼ ਚੌਧਰੀ, ਗੁਰਵਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਧਨੋਆ, ਅਵਤਾਰ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਰਘਵੀਰ ਸਿੰਘ ਸਣੇ ਦੋ ਦਰਜਨ ਸਿਹਤ ਕਰਮਚਾਰੀਆਂ ਨੇ ਅੱਜ ਪਿੰਡ ਵਿੱਚ ਸਰਵੇਖਣ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਇਸ ਸਮੇਂ ਪੰਦਰਾਂ ਦੇ ਕਰੀਬ ਮਰੀਜ਼ ਬੁਖ਼ਾਰ ਤੋਂ ਪੀੜਤ ਹਨ। ਇਸ ਸਬੰਧੀ ਜਦੋਂ ਐੱਸ ਐੱਮ ਓ ਘੜੂਆਂ ਡਾ. ਖੁਰਾਣਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।