ਹੁਣ ਸੈਕਟਰ-54 ਵਿੱਚ ਆਦਰਸ਼ ਕਲੋਨੀ ’ਤੇ ਚੱਲੇਗਾ ਬੁਲਡੋਜ਼ਰ
ਆਤਿਸ਼ ਗੁਪਤਾ
ਚੰਡੀਗੜ੍ਹ, 13 ਜੂਨ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀ-ਝੌਂਪੜੀ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 19 ਜੂਨ ਨੂੰ ਸੈਕਟਰ-54 ਵਿੱਚ ਸਥਿਤ ਆਦਰਸ਼ ਕਲੋਨੀ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ। ਇਸ ਦੌਰਾਨ ਅਸਟੇਟ ਵਿਭਾਗ ਵੱਲੋਂ ਆਦਰਸ਼ਨ ਕਲੋਨੀ ਵਿਖੇ ਸਥਿਤ ਇੱਕ ਹਜ਼ਾਰ ਦੇ ਕਰੀਬ ਝੁੱਗੀਆਂ-ਝੌਂਪੜੀਆਂ ਨੂੰ ਢਾਹਿਆ ਜਾਵੇਗਾ। ਇਸ ਕਾਰਵਾਈ ਲਈ ਯੂਟੀ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨੇ ਆਦਰਸ਼ ਕਲੋਨੀ ਦੇ ਵਸਨੀਕਾਂ ਨੂੰ ਕਲੋਨੀ ਜਲਦ ਖਾਲੀ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਲੋਨੀ ਵਾਸੀਆਂ ਵੱਲੋਂ ਇਹ ਜ਼ਮੀਨ ਖਾਲੀ ਨਾ ਕੀਤੀ ਗਈ ਤਾਂ ਪ੍ਰਸ਼ਾਸਨ ਵੱਲੋਂ ਸਾਰੀਆਂ ਉਸਾਰੀਆਂ ਨੂੰ ਢਾਹ ਦਿੱਤਾ ਜਾਵੇਗਾ।
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀ-ਝੌਂਪੜੀ ਤੋਂ ਮੁਕਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸ਼ਾਹਪੁਰ ਕਲੋਨੀ ਵਿੱਚ ਆਖਰੀ ਝੁੱਗੀ-ਝੌਂਪੜੀਆਂ ਰਹਿ ਜਾਣਗੀਆਂ। ਪ੍ਰਸ਼ਾਸਨ ਵੱਲੋਂ ਸੈਕਟਰ-54 ਦੀ ਆਦਰਸ਼ ਕਲੋਨੀ ਵਿੱਚ ਕਾਰਵਾਈ ਕਰਨ ਤੋਂ ਬਾਅਦ ਸ਼ਾਹਪੁਰ ਕਲੋਨੀ ’ਤੇ ਕਾਰਵਾਈ ਕੀਤੀ ਜਾਵੇਗੀ। ਉੱਥੇ ਵੀ ਕਈ ਏਕੜ ਜ਼ਮੀਨ ’ਤੇ ਹਜ਼ਾਰਾ ਲੋਕਾਂ ਵੱਲੋਂ ਝੁੱਗੀ-ਝੌਂਪੜੀਆਂ ਉਸਾਰੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨੇ 6 ਮਈ ਨੂੰ ਸੈਕਟਰ-25 ਵਿੱਚ ਸਥਿਤ ਜਨਤਾ ਕਲੋਨੀ ਵਿੱਚ ਲਗਪਗ 2,500 ਝੁੱਗੀ-ਝੌਂਪੜੀਆਂ ਨੂੰ ਹਟਾ ਦਿੱਤਾ ਸੀ। ਇਹ ਕਲੋਨੀ 10 ਏਕੜ ਜ਼ਮੀਨ ’ਤੇ ਵਸੀ ਹੋਈ ਹੈ, ਜਿਸ ਦੀ ਕੀਮਤ 350 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਥੇ ਯੂਟੀ ਪ੍ਰਸ਼ਾਸਨ ਵੱਲੋਂ ਡਿਸਪੈਂਸਰੀ, ਪ੍ਰਾਇਮਰੀ ਸਕੂਲ, ਕਮਿਊਨਿਟੀ ਸੈਂਟਰ ਅਤੇ ਇੱਕ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 23 ਅਪਰੈਲ ਨੂੰ ਇੰਡਸਟਰੀਏਲ ਏਰੀਆ ਵਿੱਚ ਸਥਿਤ ਸੰਜੈ ਕਲੋਨੀ ਵਿੱਚ ਲਗਪਗ 1,000 ਝੁੱਗੀਆਂ ਢਾਹ ਦਿੱਤੀਆਂ ਸਨ।
ਪ੍ਰਸ਼ਾਸਨ ਨੇ ਦੋ ਸਾਲ ਪਹਿਲਾਂ ਦੋਵਾਂ ਕਲੋਨੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਢਾਹੁਣ ’ਤੇ ਰੋਕ ਲਗਾ ਦਿੱਤੀ ਸੀ। ਹਾਲ ਹੀ ਵਿੱਚ ਸਟੇਅ ਹਟਣ ਤੋਂ ਬਾਅਦ ਪ੍ਰਸ਼ਾਸਨ ਨੇ ਜ਼ਮੀਨ ਖਾਲੀ ਕਰਵਾ ਲਈ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ 19 ਝੁੱਗੀਆਂ-ਝੌਂਪੜੀ ਵਾਲੀ ਕਲੋਨੀਆਂ ਸਨ, ਜਿਸ ਵਿੱਚੋਂ ਯੂਟੀ ਪ੍ਰਸ਼ਾਸਨ ਪਹਿਲਾਂ ਹੀ 17 ਕਲੋਨੀਆਂ ਨੂੰ ਢਾਹ ਦਿੱਤਾ ਹੈ। ਹੁਣ ਪ੍ਰਸ਼ਾਸਨ ਵੱਲੋਂ ਆਖਰੀ ਦੋ ਝੁੱਗੀ-ਝੌਂਪੜੀ ਵਾਲੀ ਕਲੋਨੀਆਂ ਨੂੰ ਢਾਹੁਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦੀ ਦੋਵਾਂ ਕਲੋਨੀਆਂ ’ਤੇ ਕਾਰਵਾਈ ਤੋਂ ਬਾਅਦ ਚੰਡੀਗੜ੍ਹ ਝੁੱਗੀ-ਝੌਂਪੜੀਆਂ ਤੋਂ ਮੁਕਤ ਹੋ ਜਾਵੇਗਾ।