ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਓਲਾ, ਊਬਰ, ਰੈਪੀਡੋ ਅਤੇ ਇਨ ਡਰਾਈਵ ਕੰਪਨੀਆਂ ਨੂੰ ਨੋਟਿਸ

‘ਚੰਡੀਗਡ਼੍ਹ ਮੋਟਰ ਵਹੀਕਲ ਐਗਰੀਗੇਟਰ ਨੀਤੀ 2025’ ਤਹਿਤ ਲਾਗੂ ਨੇਮਾਂ ਦੀ ਉਲੰਘਣਾ ਦੇ ਦੋਸ਼; ਅੈੱਸ ਟੀ ਏ ਨੇ ਪੰਦਰਾਂ ਦਿਨਾਂ ਵਿੱਚ ਜਵਾਬ ਨਾ ਦੇਣ ’ਤੇ ਲਾਇਸੈਂਸ ਮੁਅੱਤਲ ਕਰਨ ਦੀ ਦਿੱਤੀ ਚੇਤਾਵਨੀ
ਆਰ ਐੱਲ ਏ ਦਫ਼ਤਰ ਦੀ ਇਮਾਰਤ।
Advertisement
ਚੰਡੀਗੜ੍ਹ ਦੇ ਸਟੇਟ ਟਰਾਂਸਪੋਰਟ ਅਥਾਰਟੀ (ਐੱਸ ਟੀ ਏ) ਨੇ ਸ਼ਹਿਰ ਵਿੱਚ ਕੈਬ ਚਲਾਉਣ ਵਾਲੀਆਂ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਓਲਾ, ਊਬਰ, ਰੈਪੀਡੋ ਤੇ ਇਨ ਡਰਾਈਵ ਨੂੰ ‘ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨੀਤੀ- 2025’ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਨੋਟਿਸ ਜਾਰੀ ਕੀਤੇ ਹਨ। ਅਥਾਰਟੀ ਨੇ ਇਨ੍ਹਾਂ ਕੰਪਨੀਆਂ ਨੂੰ 15 ਦਿਨਾਂ ਵਿੱਚ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ 15 ਦਿਨਾਂ ਵਿੱਚ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਜਾਣਗੇ। ਐੱਸ ਟੀ ਏ ਨੇ ਇਹ ਕਾਰਵਾਈ ਚਾਰ ਕੈਬ ਕੰਪਨੀਆਂ ਦੇ ਦਫ਼ਤਰਾਂ ਵਿੱਚ ਜਾਂਚ ਕਰਨ ਤੋਂ ਬਾਅਦ ਕੀਤੀ ਹੈ। ਇਹ ਨੋਟਿਸ ਐੱਸ ਟੀ ਏ ਦੇ ਸਕੱਤਰ ਅਮਿਤ ਕੁਮਾਰ ਵੱਲੋਂ ਜਾਰੀ ਕੀਤੇ ਗਏ ਹਨ।

ਐੱਸ ਟੀ ਏ ਦੇ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਕੈਬ ਕੰਪਨੀ ਵੱਲੋਂ ਸ਼ਹਿਰ ਵਿੱਚ ਕੰਮ ਕਰਨ ਲਈ ਦਫ਼ਤਰ ਸਥਾਪਤ ਕਰਨਾ ਜ਼ਰੂਰੀ ਹੈ, ਜਿੱਥੇ ਉਨ੍ਹਾਂ ਦਾ ਸਟਾਫ਼ ਕੰਮ ਕਰਦਾ ਹੋਵੇ ਪਰ ਇਨ੍ਹਾਂ ਵਿੱਚੋਂ ਕਈ ਕੰਪਨੀਆਂ ਨੇ ਆਪਣੇ ਦਫ਼ਤਰ ਬੰਦ ਕਰ ਦਿੱਤੇ ਸਨ ਜਾਂ ਬਿਨਾਂ ਢੁਕਵੇਂ ਬੁਨਿਆਦੀ ਢਾਂਚੇ ਅਤੇ ਸਟਾਫ਼ ਕੰਮ ਕਰ ਰਹੀਆਂ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਓਲਾ ਨੇ ਲਗਭਗ ਛੇ ਮਹੀਨੇ ਪਹਿਲਾਂ ਆਪਣਾ ਦਫ਼ਤਰ ਖਾਲੀ ਕਰ ਦਿੱਤਾ ਸੀ ਜਦੋਂ ਕਿ ਉਬਰ ਵੱਲੋਂ ਸਹੀ ਢੰਗ ਨਾਲ ਦਫ਼ਤਰੀ ਕੰਮ ਨਹੀਂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਰੈਪਿਡੋ ਦਾ ਦਫ਼ਤਰ ’ਤੇ ਜ਼ਿੰਦਾ ਲੱਗਿਆ ਹੋਇਆ ਹੈ ਅਤੇ ਇਨ ਡਰਾਈਵ ਦੇ ਦਫ਼ਤਰ ਵਿੱਚ ਸਿਰਫ਼ ਇੱਕ ਕਰਮਚਾਰੀ ਹੀ ਮੌਜੂਦ ਸੀ।

Advertisement

ਜ਼ਿਕਰਯੋਗ ਹੈ ਕਿ ਟਰਾਈਸਿਟੀ ਵਿੱਚ ਕੈਬ ਤੇ ਟੈਕਸੀ ਡਰਾਈਵਰਾਂ ਵੱਲੋਂ ਐੱਸ ਟੀ ਏ ਦਫ਼ਤਰ ਵਿੱਚ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਕੈਬ ਕੰਪਨੀਆਂ ਵੱਲੋਂ ਪ੍ਰਸ਼ਾਸਨ ਦੇ ਸੋਧੇ ਹੋਏ ਰੇਟਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਐੱਸ ਟੀ ਏ ਨੇ ਸ਼ਿਕਾਇਤਾਂ ਦੇ ਆਧਾਰ ’ਤੇ ਇਹ ਸਰਵੇਖਣ ਕਰ ਕੇ ਨੋਟਿਸ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਯੂ ਟੀ ਪ੍ਰਸ਼ਾਸਨ ਨੇ 7 ਜੁਲਾਈ ਨੂੰ ਸ਼ਹਿਰ ਵਿੱਚ ਕੈਬ ਦੀਆਂ ਕੀਮਤਾਂ ਵਿੱਚ ਸੋਧ ਕਰ ਦਿੱਤੀ ਸੀ। ਇਸ ਦੌਰਾਨ ਪ੍ਰਸ਼ਾਸਨ ਨੇ ਏਸੀ ਅਤੇ ਗੈਰ-ਏਸੀ ਟੈਕਸੀਆਂ ਦੇ ਕਿਰਾਏ ਵਿੱਚ ਬਦਲਾਅ ਕੀਤੇ ਸਨ। ਪ੍ਰਸ਼ਾਸਨ ਨੇ ਪਹਿਲੇ 3 ਕਿਲੋਮੀਟਰ ਲਈ ਫਲੈਟ ਕਿਰਾਇਆ ਵਸੂਲਣ ਦੀ ਇਜਾਜ਼ਤ ਦਿੱਤੀ ਹੈ, ਘੱਟੋ-ਘੱਟ ਕਿਰਾਇਆ 90 ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸ ਸੋਧ ਅਨੁਸਾਰ ਡਰਾਈਵਰਾਂ ਨੂੰ ਸਵਾਰੀ ਕਿਰਾਏ ਦਾ 90 ਫ਼ੀਸਦ ਹਿੱਸਾ ਪ੍ਰਾਪਤ ਹੋਵੇਗਾ।

ਸਿਹਤ ਬੀਮਾ ਜਿਹੀਆਂ ਲਾਜ਼ਮੀ ਸਹੂਲਤਾਂ ਦੇਣ ’ਚ ਨਾਕਾਮ ਨੇ ਕੰਪਨੀਆਂ

ਡਰਾਈਵਰਾਂ ਨੇ ਕੰਪਨੀਆਂ ’ਤੇ ਸਿਹਤ ਬੀਮਾ ਵਰਗੀਆਂ ਲਾਜ਼ਮੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਚਾਰਾਂ ਕੰਪਨੀਆਂ ਨੂੰ ‘ਕਾਰਨ ਦੱਸੋ’ ਨੋਟਿਸਾਂ ਦਾ ਜਵਾਬ ਦੇਣ ਲਈ 15 ਦਿਨ ਦਿੱਤੇ ਗਏ ਹਨ, ਜੇਕਰ ਉਨ੍ਹਾਂ ਵੱਲੋਂ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਜਾਣਗੇ।

 

Advertisement
Show comments