ਯੂਟੀ ਦੇ ਕਾਲਜਾਂ ਵਿੱਚ ਕਿਸੇ ਵੀ ਇੱਕ ਪਾਰਟੀ ਨੂੰ ਨਾ ਮਿਲਿਆ ਬਹੁਮਤ
ਯੂਟੀ ਦੇ ਕਾਲਜਾਂ ਵਿੱਚ ਅੱਜ ਹੋਈਆਂ ਵਿਦਿਆਰਥੀ ਚੋਣਾਂ ਵਿੱਚ ਕਿਸੇ ਵੀ ਇਕ ਪਾਰਟੀ ਨੂੰ ਸਾਰੇ ਕਾਲਜਾਂ ਵਿੱਚ ਬਹੁਮਤ ਨਹੀਂ ਮਿਲਿਆ ਪਰ ਹਰ ਕਾਲਜ ਵਿਚ ਇਕ ਪਾਰਟੀ ਦੇ ਹੀ ਜ਼ਿਆਦਾਤਰ ਉਮੀਦਵਾਰ ਚੁਣੇ ਗਏ। ਇਸ ਮੌਕੇ ਸਾਰੇ ਹੀ ਕਾਲਜਾਂ ਵਿੱਚ ਪੁਲੀਸ ਦੀ ਸਖਤੀ ਦੇਖਣ ਨੂੰ ਮਿਲੀ ਜਿਸ ਨਾਲ ਕੁਲ ਮਿਲਾ ਕੇ ਮਾਹੌਲ ਸ਼ਾਂਤ ਰਿਹਾ ਪਰ ਦੋ ਕਾਲਜਾਂ ਵਿਚ ਨੋਕ ਝੋਕ ਤੇ ਤਕਰਾਰ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਪੁਲੀਸ ਨੇ ਸਖ਼ਤੀ ਨਾਲ ਨਜਿੱਠ ਲਿਆ। ਕਾਲਜਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਕਾਲਜ ਦੀ ਪੁਰਾਣੀ ਵਿਦਿਆਰਥੀ ਜਥੇਬੰਦੀ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ (ਕੇਸੀਐੱਸਯੂ) ਦੀ ਝੰਡੀ ਰਹੀ। ਇਸ ਪਾਰਟੀ ਦੇ ਚਾਰੋਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਸ ਕਾਲਜ ਵਿਚ ਸਰਬਜੀਤ ਸਿੰਘ (879 ਵੋਟਾਂ) ਨੇ ਲਵਪ੍ਰੀਤ ਸਿੰਘ (729 ਵੋਟਾਂ) ਨੂੰ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤੀ। ਜਦਕਿ ਇਸ ਪਾਰਟੀ ਦੇ ਮੀਤ ਪ੍ਰਧਾਨ ਰੋਹਿਤ (905 ਵੋਟਾਂ) ਨੇ ਅਜੈ (689 ਵੋਟਾਂ) ਨੂੰ ਹਰਾ ਕੇ ਮੀਤ ਪ੍ਰਧਾਨਗੀ ਜਦਕਿ ਜ਼ਾਹਿਦ ਅਹਿਮਦ ਡਾਰ (868 ਵੋਟਾਂ) ਨੇ ਰਾਹੁਲ ਚੰਦੇਲ (716 ਵੋਟਾਂ) ਨੂੰ ਹਰਾ ਕੇ ਜਨਰਲ ਸਕੱਤਰ ਅਤੇ ਤਨਿਸ਼ਪ੍ਰੀਤ ਸਿੰਘ (849 ਵੋਟਾਂ) ਨੇ ਰਸ਼ਪ੍ਰੀਤ ਸਿੰਘ (718 ਵੋਟਾਂ) ਨੂੰ ਹਰਾ ਕੇ ਸੰਯੁਕਤ ਸਕੱਤਰ ਦੀ ਚੋਣ ਜਿੱਤੀ। ਇਸ ਵਾਰ ਐੱਸਡੀ ਕਾਲਜ-32 ਦੇ ਨਤੀਜੇ ਆਸ ਨਾਲੋਂ ਉਲਟ ਰਹੇ। ਇਸ ਵਾਰ ਕਾਲਜ ਦੀ ਐੱਸਡੀਸੀਯੂ ਯੂਨੀਅਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਲਜ ਵਿੱਚ ਵੀ ਪੰਜਾਹ ਫੀਸਦੀ ਨਤੀਜੇ ਇੰਡੀਅਨ ਸਟੂਡੈਂਟਸ ਫਰੰਟ ਆਈਐੱਸਐਫ ਦੇ ਹੱਕ ਵਿਚ ਆਏ। ਪ੍ਰਧਾਨਗੀ ਦੀ ਚੋਣ ਰਿਜ਼ਵਲ ਸਿੰਘ (1604 ਵੋਟਾਂ) ਨੇ ਐੱਸਡੀਸੀਯੂ ਦੇ ਅਨਿਰੁਧ ਸਿੰਘ ਕੰਵਰ (1393) ਨੂੰ ਹਰਾ ਕੇ ਜਿੱਤੀ, ਮੀਤ ਪ੍ਰਧਾਨਗੀ ਵੀ ਆਈਐਸਐੱਫ ਦੇ ਹੱਥ ਆਈ ਜਿਸ ਦੇ ਯੁਵਰਾਜ ਸਿੰਘ (1514 ਵੋਟਾਂ) ਨੇ ਸਨਮ ਸਿੰਘ ਸ਼ੇਖਾਵਤ (1493 ਵੋਟਾਂ) ਨੂੰ ਹਰਾਇਆ। ਸਕੱਤਰ ਦੀ ਚੋਣ ਐੱਚਪੀਐਸਯੂ ਦੇ ਅੰਸ਼ੁਲ ਠਾਕੁਰ (1352 ਵੋਟਾਂ) ਨੇ ਜਿੱਤੀ। ਉਸ ਨੇ ਐੱਸਡੀਐੱਸਯੂ ਤੇ ਹਿਮਸੂ ਦੇ ਨਵੀਨ ਸਿੰਗਲਾ (1347 ਵੋਟਾਂ) ਨੂੰ ਹਰਾਇਆ। ਜੁਆਇੰਟ ਸਕੱਤਰ ਦੀ ਚੋਣ ਐੱਨਐੱਸਯੂਆਈ ਦੀ ਨਯਾਂਸ਼ੀ ਠਾਕੁਰ (1571 ਵੋਟਾਂ) ਨੇ ਜਿੱਤੀ। ਉਸ ਨੇ ਐਸਡੀਸੀਯੂ ਤੇ ਸੋਪੂ ਦੇ ਦਿਵਿਆਂਸ਼ ਚੌਹਾਨ (1426 ਵੋਟਾਂ) ਨੂੰ ਹਰਾਇਆ। ਇਸ ਵਾਰ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸੋਈ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਵਾਰ ਸੋਈ ਦੇ ਹਰਮਹਿਕ ਸਿੰਘ ਚੀਮਾ (1333 ਵੋਟਾਂ) ਨੇ ਖੁਸ਼ਿਵੰਦਰ ਕੁੱਕੂ (1233 ਵੋਟਾਂ) ਨੂੰ ਹਰਾਇਆ। ਮੀਤ ਪ੍ਰਧਾਨਗੀ ਦੀ ਚੋਣ ਆਰੀਅਨ (1168 ਵੋਟਾਂ) ਨੇ ਅਰਜੁਨ ਸੈਣੀ (857 ਵੋਟਾਂ) ਨੂੰ ਹਰਾ ਕੇ ਜਿੱਤੀ। ਜਨਰਲ ਸਕੱਤਰ ਦਾ ਅਹੁਦਾ ਅਨਮੋਲ ਰੰਧਾਵਾ (1225 ਵੋਟਾਂ) ਦੇ ਹੱਥ ਆਇਆ ਜਿਸ ਨੇ ਆਰੁਸ਼ ਕਲਟਾ (1003 ਵੋਟਾਂ) ਨੂੰ ਹਰਾਇਆ। ਜੁਆਇੰਟ ਸਕੱਤਰ ਦੇ ਅਹੁਦੇ ਲਈ ਗੁਰਸ਼ਾਨ ਸਿੰਘ ਚੱਢਾ ਨੇ ਮਨੀਸ਼ ਕੁਮਾਰ ਨੂੰ ਹਰਾਇਆ। ਸੋਈ ਦੇ ਪੰਜਾਬ ਦੇ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਇਸ ਜਿੱਤ ’ਤੇ ਪਾਰਟੀ ਪ੍ਰਧਾਨ ਨੂੰ ਵਧਾਈ ਦਿੱਤੀ ਹੈ। ਸਰਕਾਰੀ ਕਾਲਜ ਸੈਕਟਰ-11: ਇਸ ਕਾਲਜ ਵਿਚ ਏਵੀਬੀਪੀ, ਐਚਐਸਏ ਦਾ ਐਚਪੀਐਸਯੂ ਨਾਲ ਗੱਠਜੋੜ ਹੈ ਤੇ ਇਸ ਗੱਠਜੋੜ ਨੇ ਸਾਰੀਆਂ ਸੀਟਾਂ ਹਾਸਲ ਕੀਤੀਆਂ ਜਦਕਿ ਸੋਈ ਤੇ ਪੁਸੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਲਜ ਵਿਚੋਂ ਸਚਿਨ ਸਿੰਘ ਨੇ ਅਰਵਿੰਦ ਨੂੰ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ। ਜਦਕਿ ਮੀਤ ਪ੍ਰਧਾਨ ਦੀ ਚੋਣ ਹਰਭਜਨ ਲਾਲ ਨੇ ਨੇਹਾ ਚੌਹਾਨ ਨੂੰ ਹਰਾ ਕੇ ਜਿੱਤੀ, ਇਸ ਕਾਲਜ ਵਿਚ ਸਕੱਤਰ ਪ੍ਰਆਸ਼ ਠਾਕੁਰ ਤੇ ਸੰਯੁਕਤ ਸਕੱਤਰ ਰੋਹਨ ਚੁਣੇ ਗਏ। ਸਰਕਾਰੀ ਕਾਲਜ ਸੈਕਟਰ-46 ਵਿਚ ਯੂਨੀਵਰਸਿਟੀ ਦੀ ਪੁਰਾਣੀ ਪਾਰਟੀ ਸੋਪੂ ਦਾ ਦਬਦਬਾ ਰਿਹਾ। ਇਨ੍ਹਾਂ ਉਮੀਦਵਾਰਾਂ ਨੇ ‘ਆਪ’ ਦੇ ਵਿਦਿਆਰਥੀ ਵਿੰਗ ਤੇ ਜੀਸੀਐਸਯੂ ਦੇ ਉਮੀਦਵਾਰਾਂ ਨੂੰ ਹਰਾਇਆ, ਪ੍ਰਧਾਨਗੀ ਦੀ ਚੋਣ ਪੰਕਜ ਨੇ ਜਿੱਤੀ। ਜਦਕਿ ਮੀਤ ਪ੍ਰਧਾਨ ਰਵਿੰਦਰ ਸਿੰਘ ਬਣੇ,ਸਕੱਤਰ ਦੇ ਅਹੁਦੇ ’ਤੇ ਸਨੇਹਾ ਤੇ ਜੁਆਇੰਟ ਸਕੱਤਰ ਲਈ ਅੰਜਲੀ ਚੁਣੇ ਗਏ।