ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਮੈਚ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ
ਨਿਊ ਚੰਡੀਗੜ੍ਹ ਦੇ ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੇ ਪੀ ਫੋਰ ਮਾਰਗ ’ਤੇ ਪਿੰਡ ਤੀੜਾ ਵਿੱਚ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ 11 ਦਸੰਬਰ ਨੂੰ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਟੀ-20 ਮੈਚ ਤੋਂ ਪਹਿਲਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਡੀ ਸੀ ਮੁਹਾਲੀ ਨੇ ਸਟੇਡੀਅਮ ਦੇ ਆਸਪਾਸ ਇਲਾਕੇ ਨੂੰ ਨੋ-ਫਲਾਇੰਗ ਜ਼ੋਨ ਐਲਾਨਿਆ ਹੈ।
ਪੰਜਾਬ ਦੇ ਡੀ ਜੀ ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜ਼ਿਲ੍ਹਾ ਮੁਹਾਲੀ ਦੇ ਐੱਸ ਐੱਸ ਪੀ ਹਰਮਨਦੀਪ ਹਾਂਸ ਸਮੇਤ ਡੀ ਆਈ ਜੀ ਰੂਪਨਗਰ ਰੇਂਜ ਨਾਨਕ ਸਿੰਘ ਨੇ ਸਟੇਡੀਅਮ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀ ਜੀ ਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਦਰਸ਼ਕਾਂ ਦੇ ਵਾਹਨਾਂ ਦੀ ਪਾਰਕਿੰਗਜ਼ ਸਟੇਡੀਅਮ ਤੋਂ ਬਾਹਰ ਬਣਾਈਆਂ ਗਈਆਂ ਹਨ। ਪੰਜਾਬ ਪੁਲੀਸ ਦੇ 80 ਗਜ਼ਟਿਡ ਅਫਸਰਾਂ ਸਮੇਤ ਤਿੰਨ ਹਜ਼ਾਰ ਪੁਲੀਸ ਕਰਮਚਾਰੀ ਸੁਰੱਖਿਆ ਵਜੋਂ ਡਿਊਟੀ ਉਤੇ ਹਾਜ਼ਰ ਰਹਿਣਗੇ। ਡੀ ਜੀ ਪੀ ਪੰਜਾਬ ਨੇ ਜ਼ਿਲ੍ਹਾ ਪੁਲੀਸ ਕਪਤਾਨ ਸਮੇਤ ਹੋਰਨਾਂ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੂੰ ਪੂਰੀ ਮੁਸਤੈਦੀ ਨਾਲ ਸੁਰੱਖਿਆ ਪ੍ਰਬੰਧ ਕਰਨ ਲਈ ਆਖਦਿਆਂ ਮੈਚ ਦੌਰਾਨ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰਾਂ ਦੀ ਹੁੱਲੜਬਾਜ਼ੀ ਨਾਲ ਸਖਤੀ ਨਾਲ ਨਜਿੱਠਣ, ਟਰੈਫਿਕ ਸੁਚਾਰੂ ਬਣਾਉਣ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧਾਂ ਲਈ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਸਟੇਡੀਅਮ ਤੋਂ ਇੱਕ ਕਿਲੋਮੀਟਰ ਦੂਰ ਪਿੰਡ ਬਾਂਸੇਪੁਰ ਅਤੇ ਤੋਗਾਂ ਦੇ ਟੀ ਪੁਆਇੰਟਾਂ ਕੋਲੋਂ ਚੰਡੀਗੜ੍ਹ ਆਉਣ ਜਾਣ ਵਾਲੇ ਲੋਕਾਂ ਨੂੰ ਜਾਣ ਦਿੱਤਾ ਜਾਵੇਗਾ।
ਟਿਕਟ ਕਾਊਂਟਰਾਂ ’ਤੇ ਨਹੀਂ ਦਿੱਸੀ ਭੀੜ
ਸਟੇਡੀਅਮ ਬਾਹਰ ਟਿਕਟ ਕਾਊਂਟਰ ’ਤੇ ਟਿਕਟਾਂ ਖਰੀਦਣ ਵਾਲੇ ਟਾਵੇਂ-ਟਾਵੇਂ ਲੋਕ ਆ ਜਾ ਰਹੇ ਸਨ ਤੇ ਕੋਈ ਜ਼ਿਆਦਾ ਭੀੜ ਨਹੀਂ ਸੀ। ਖਿਡਾਰੀਆਂ ਦੇ ਨਾਮ ਵਾਲੀਆਂ ਟੀ ਸ਼ਰਟਾਂ ਤੇ ਟੋਪੀਆਂ ਲੈ ਕੇ ਬੈਠੇ ਦੁਕਾਨਦਾਰ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਸਨ।
ਕ੍ਰਿਕਟ ਸਟੇਡੀਅਮ ਦੇ ਚੁਫੇਰੇ ਨੋ-ਫਲਾਇੰਗ ਜ਼ੋਨ ਐਲਾਨਿਆ
ਐੱਸ ਏ ਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ 11 ਦਸੰਬਰ ਨੂੰ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਹੋਣ ਵਾਲੇ ਕ੍ਰਿਕਟ ਮੈਚ ਦੇ ਮੱਦੇਨਜ਼ਰ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਏਰੀਆ ਨੂੰ ਨੋ-ਡਰੋਨ ਅਤੇ ਨੋ-ਫਲਾਈ ਜ਼ੋਨ ਐਲਾਨਿਆ ਹੈ। ਉਨ੍ਹਾਂ ਨੇ ਕਿਸੇ ਵੀ ਕਿਸਮ ਦੇ ‘ਫਲਾਇੰਗ ਆਬਜੈਕਟ‘ ਨੂੰ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ 11 ਦਸੰਬਰ ਨੂੰ ਹੋਣ ਵਾਲੇ ਮੈਚ ਦੌਰਾਨ ਲਾਗੂ ਰਹਿਣਗੇ।
