ਦੂਜੇ ਦਿਨ ਕਿਸੇ ਉਮੀਦਵਾਰ ਨੇ ਨਹੀਂ ਭਰੇ ਕਾਗਜ਼
ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਅੱਜ ਕਾਗਜ਼ ਦਾਖ਼ਲ ਕਰਨ ਦੇ ਦੂਜੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਐੱਸ ਡੀ ਐੱਮ ਦਫ਼ਤਰ ’ਚ ਕਾਗਜ਼ ਨਹੀਂ ਭਰੇ ਗਏ। ਚੋਣ ਲਈ ਕਾਗ਼ਜ਼ ਚਾਰ ਤਰੀਕ ਤਕ ਭਰੇ ਜਾ ਸਕਦੇ ਹਨ।
ਦੂਜੇ ਪਾਸੇ, ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਿਆਸੀ ਦਬਾਅ ਹੇਠ ਅਧਿਕਾਰੀ ਧੱਕੇਸ਼ਾਹੀ ਕਰ ਰਹੇ ਹਨ। ਐੱਨ ਕੇ ਸ਼ਰਮਾ ਸਵੇਰੇ ਨੌਂ ਵਜੇ ਬੀ ਡੀ ਪੀ ਓ ਦਫ਼ਤਰ ਪਹੁੰਚੇ ਤੇ ਉਨ੍ਹਾਂ ਸਾਰੇ ਕਮਰੇ ਦਿਖਾਏ ਜਿੱਥੇ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਚੋਣ ਲੜਨ ਵਾਲੇ ਚਾਹਵਾਨ ਵਿਅਕਤੀ ਨੂੰ ਬੀ ਡੀ ਪੀ ਓ ਦਫ਼ਤਰ ਤੋਂ ਸਬੰਧਤ ਦਸਤਾਵੇਜ਼ ਅਤੇ ਐੱਨ ਓ ਸੀ ਲੈਣੀ ਪੈਂਦੀ ਹੈ ਪਰ ਕੱਲ੍ਹ ਤੋਂ ਚਾਹਵਾਨ ਦਫ਼ਤਰ ਦੇ ਗੇੜੇ ਕੱਢ ਰਹੇ ਹਨ ਪਰ ਕੋਈ ਅਧਿਕਾਰੀ ਦਫ਼ਤਰ ਵਿੱਚ ਹਾਜ਼ਰ ਨਹੀਂ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਜਾਣਬੁੱਝ ਕੇ ਚੋਣ ਲੜਨ ਦੇ ਚਾਹਵਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਬੀ ਡੀ ਪੀ ਓ ਦਫ਼ਤਰ ਪਹੁੰਚ ਕੇ ਦੋਸ਼ ਲਾਇਆ ਕਿ ਕੋਈ ਵੀ ਅਧਿਕਾਰੀ ਆਪਣੀ ਸੀਟ ’ਤੇ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਤੋਂ ਉਹ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਪਰ ਉਹ ਕਥਿਤ ਸਿਆਸੀ ਦਬਾਅ ਹੇਠ ਟਾਲਾ ਵੱਟ ਰਹੇ ਹਨ।
45 ਦੇ ਕਰੀਬ ਐੱਨ ਓ ਸੀ ਜਾਰੀ: ਸੋਹੀ
ਬੀ ਡੀ ਪੀ ਓ ਬਲਜੀਤ ਸਿੰਘ ਸੋਹੀ ਨੇ ਦੱਸਿਆ ਕਿ ਪੰਚਾਇਤ ਸਕੱਤਰ ਅਦਾਲਤ ’ਚ ਹੋਣ ਕਾਰਨ ਕੱਲ੍ਹ ਹੀ ਦੋਵਾਂ ਆਗੂਆਂ ਨੂੰ ਸਾਢੇ ਦਸ ਵਜੇ ਦਾ ਸਮਾਂ ਦਿੱਤਾ ਸੀ ਪਰ ਉਹ ਛੇਤੀ ਪਹੁੰਚ ਗਏ ਹਨ। ਅੱਜ 45 ਦੇ ਕਰੀਬ ਐੱਨ ਓ ਸੀ ਜਾਰੀ ਕੀਤੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਅਕਾਲੀ ਦਲ ਅਤੇ ਕਾਂਗਰਸ ਨਾਲ ਸਬੰਧਤ ਹਨ। ਉਨ੍ਹਾਂ ਨੇ ਕਿਹਾ ਕਿ ਚੋਣ ਲੜਨ ਵਾਲੇ ਹਰ ਵਿਅਕਤੀ ਨੂੰ ਦਸਤਾਵੇਜ਼ ਦਿੱਤੇ ਜਾਣਗੇ।
ਚੱਢਾ ਨੇ ‘ਆਪ’ ਦੇ ਉਮੀਦਵਾਰ ਐਲਾਨੇ
ਨੂਰਪੁਰ ਬੇਦੀ (ਬਲਵਿੰਦਰ ਰੈਤ): ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਨੂਰਪੁਰ ਬੇਦੀ ਵਿੱਚ ਆਉਂਦੇ ਬਲਾਕ ਸਮਿਤੀ ਉਮੀਦਵਾਰਾਂ ਅਤੇ ਦੋ ਜ਼ਿਲ੍ਹਾ ਪਰਿਸ਼ਦ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਪਰਿਸ਼ਦ ਲਈ ਕਲਮਾਂ ਜ਼ੋਨ ਤੋਂ ਜਰਨੈਲ ਸਿੰਘ ਲਾਲੀ ਨੂਰਪੁਰ ਬੇਦੀ ਤੇ ਤਖਤਗੜ੍ਹ ਤੋਂ ਦੇਸ ਰਾਜ ਸੈਣੀਮਾਜਰਾ ਨੂੰ ਉਮੀਦਵਾਰ ਐਲਾਨਿਆ ਹੈ। ਬਲਾਕ ਸਮਿਤੀ ਲਈ ਜ਼ੋਨ ਨੰਬਰ 1 ਬੜ੍ਹਬਾਗਾ ਤੋਂ ਗੁਰਦੀਪ ਸਿੰਘ ਸਾਬਕਾ ਸਰਪੰਚ, ਜ਼ੋਨ ਨੰਬਰ 3 ਬਜ਼ਰੂੜ ਤੋਂ ਕਸ਼ਮੀਰੀ ਲਾਲ, ਜ਼ੋਨ 4 ਸਰਥਲੀ ਤੋਂ ਰਾਮ ਪ੍ਰਤਾਪ, ਜ਼ੋਨ ਨੰਬਰ 5 ਤਖਤਗੜ੍ਹ ਤੋਂ ਕੇਵਲ ਕ੍ਰਿਸ਼ਨ ਸਾਬਕਾ ਸਰਪੰਚ, ਜ਼ੋਨ ਨੰਬਰ 6 ਟਿੱਬਾ ਨੰਗਲ ਕਾਕੂ ਬਾਡਬਾਲ, ਜ਼ੋਨ ਨੰਬਰ 7 ਬੈਂਸ ਤੋਂ ਸੁਭਾਸ਼ ਚੰਦ ਲਾਲਪੁਰ, ਜ਼ੋਨ ਨੰਬਰ 9 ਬੜਵਾ ਤੋਂ ਸਤਨਾਮ ਸਿੰਘ ਨਾਗਰਾ, ਜ਼ੋਨ 10 ਸਸਕੌਰ ਤੋਂ ਹਮੰਤ ਸਿੰਘ ਸੈਣੀਮਾਜਰਾ, ਜ਼ੋਨ ਨੰਬਰ 11 ਨੂਰਪੁਰ ਕਲਾਂ ਤੋਂ ਰਜਨੀ ਲੂੰਬਾ, ਜ਼ੋਨ ਨੰਬਰ 13 ਸਿੰਘਪੁਰ ਤੋਂ ਕ੍ਰਿਸ਼ਨ ਸਿੰਘ, ਜ਼ੋਨ ਨੰਬਰ 14 ਠਾਣਾ ਤੋਂ ਤਿਲਕ ਰਾਜ ਪੰਮਾ, ਜ਼ੋਨ ਨੰਬਰ 16 ਝਾਂਗੜੀਆਂ ਤੋਂ ਅਮਰਜੀਤ ਸਿੰਘ ਲੰਬੜਦਾਰ ਕਲਵਾਂ ਨੂੰ ‘ਆਪ’ ਨੇ ਉਮੀਦਵਾਰਾਂ ਐਲਾਨਿਆ ਹੈ। ਵਿਧਾਇਕ ਚੱਢਾ ਨੇ ਕਿਹਾ ਕਿ ਬਾਕੀ ਚਾਰ ਜ਼ੋਨਾਂ ਵਿੱਚ ਉਮੀਦਵਾਰਾਂ ਦਾ ਐਲਾਨ ਭਲਕੇ ਕੀਤਾ ਜਾਵੇਗਾ।
ਐੱਨ ਓ ਸੀ ਨਾ ਦੇਣ ਤੋਂ ਭੜਕੇ ਕਾਂਗਰਸੀ
ਅਮਲੋਹ (ਪੱਤਰ ਪ੍ਰੇਰਕ): ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਬਲਾਕ ਸਮਿਤੀ ਦੇ ਸਾਬਕਾ ਮੈਂਬਰ ਜਗਨ ਨਾਥ ਪੱਪੂ ਲਾਡਪੁਰ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਐੱਨ ਓ ਸੀ ਦੇਣ ਵਿੱਚ ਪੰਚਾਇਤ ਵਿਭਾਗ ਵੱਲੋਂ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਵਿਭਾਗ ਨੇ ਆਪਣੇ ਵਤੀਰੇ ਵਿੱਚ ਤਬਦੀਲੀ ਨਾ ਕੀਤੀ ਤਾਂ ਕਾਂਗਰਸ ਪਾਰਟੀ ਤਿੰਨ ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਮਲੋਹ ਦੇ ਦਫ਼ਤਰ ਅੱਗੇ ਧਰਨਾ ਦੇਵੇਗੀ।
