ਐੱਨਕੇ ਸ਼ਰਮਾ ਨੇ ਸ਼ਿਵਾਲਿਕ ਵਿਹਾਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ
ਸਾਬਕਾ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਇਥੋਂ ਦੀ ਸ਼ਿਵਾਲਿਕ ਵਿਹਾਰ ਦੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕਲੋਨੀ ਵਾਸੀਆਂ ਨੇ ਉਨ੍ਹਾਂ ਨੂੰ ਕਲੋਨੀ ਵਿੱਚ ਆ ਰਹੀ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਕਲੋਨੀ ਵਾਸੀਆਂ ਨੇ ਸ਼ਰਮਾ ਨੂੰ ਦੱਸਿਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਕਲੋਨੀ ਸਮੇਤ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਸੜਕਾਂ ਦੀ ਖੁਦਾਈ ਕੀਤੀ ਹੋਈ ਹੈ। ਜਦਕਿ ਮੌਨਸੂਨ ਦੌਰਾਨ ਲਗਾਤਾਰ ਪੈ ਰਹੇ ਭਰਵੇਂ ਮੀਂਹ ਨਾਲ ਗੱਲੀਆ ਅਤੇ ਸੜਕਾਂ ਨੇ ਛੱਪੜਾਂ ਦਾ ਰੂਪ ਧਾਰ ਲਿਆ ਹੈ ਜਿਸ ਕਾਰਨ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ। ਸੀਵਰੇਜ ਓਵਰਫਲੋਅ ਹੋ ਰਹੇ ਹਨ ਅਤੇ ਦੂਸ਼ਿਤ ਪਾਣੀ ਗਲੀਆਂ ਵਿੱਚ ਵਗ ਰਿਹਾ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਮੌਜੂਦਾ ਵਿਧਾਇਕ ਕੌਂਸਲ ਦਫ਼ਤਰ ਵਿੱਚ ਕੌਂਸਲਰਾਂ ਦੀ ਮੀਟਿੰਗ ਵੀ ਨਹੀਂ ਸੱਦ ਰਹੇ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਦੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜ਼ੀਰਕਪੁਰ ਨੂੰ ਨਗਰ ਨਿਗਮ ਦਾ ਦਰਜਾ ਦੇਣ ਦੇ ਝੂਠੇ ਸੁਪਨੇ ਦਿਖਾਏ ਜਾ ਰਹੇ ਹਨ ਦੂਜੇ ਪਾਸੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।