NIRF ਦਰਜਾਬੰਦੀ: ਪੰਜਾਬ ਯੂਨੀਵਰਸਿਟੀ ਫਾਰਮੇਸੀ ਅਤੇ ਸਟੇਟ ਪਬਲਿਕ ਯੂਨੀਵਰਸਿਟੀਜ਼ ਸ਼੍ਰੇਣੀ ਵਿੱਚ ਤੀਜੇ ਸਥਾਨ ’ਤੇ
ਸਿੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਕੌਮੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐੱਨਆਈਆਰਐੱਫ) ਰੈਂਕਿੰਗ 2025 ਜਾਰੀ ਕੀਤੀ, ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਫਾਰਮੇਸੀ ਸ਼੍ਰੇਣੀ ਅਤੇ ਸਟੇਟ ਪਬਲਿਕ ਯੂਨੀਵਰਸਿਟੀਜ਼ ਸ਼੍ਰੇਣੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਯੂਨੀਵਰਸਿਟੀ ਦੀ ਸਮੁੱਚੀ ਦਰਜਾਬੰਦੀ ਅਜੇ ਜਾਰੀ ਕੀਤੀ ਜਾਣੀ ਹੈ, ਪਰ ਪਿਛਲੇ ਸਾਲ ਪੀਯੂ ਨੂੰ ਸਮੁੱਚੀ ਦਰਜਾਬੰਦੀ ਵਿੱਚ 60ਵਾਂ ਸਥਾਨ ਦਿੱਤਾ ਗਿਆ ਸੀ, ਜੋ ਕਿ 2016 ਵਿੱਚ ਪਹਿਲੀ ਵਾਰ ਰੈਂਕਿੰਗ ਜਾਰੀ ਕੀਤੇ ਜਾਣ ਤੋਂ ਬਾਅਦ ਇਸਦੀ ਸਭ ਤੋਂ ਹੇਠਲੀ ਸਥਿਤੀ ਸੀ। NIPER-ਮੋਹਾਲੀ ਨੇ ਟਾਪ-10 ਦੀ ਸੂਚੀ ਵਿੱਚ ਆਪਣਾ ਨੌਵਾਂ ਸਥਾਨ ਬਰਕਰਾਰ ਰੱਖਿਆ ਹੈ। ਇਹ 2023 ਵਿੱਚ ਛੇਵੇਂ ਅਤੇ 2022 ਵਿੱਚ ਚੌਥੇ ਸਥਾਨ ’ਤੇ ਸੀ।
ਮੈਡੀਕਲ ਸ਼੍ਰੇਣੀ ਵਿੱਚ ਏਮਜ਼ ਨਵੀਂ ਦਿੱਲੀ ਸੂਚੀ ਵਿੱਚ ਸਭ ਤੋਂ ਅੱਗੇ ਹੈ ਅਤੇ ਪੀਜੀਆਈ ਚੰਡੀਗੜ੍ਹ ਦੂਜੇ ਸਥਾਨ ’ਤੇ ਹੈ। ਸਿੱਖਿਆ ਮੰਤਰਾਲੇ ਨੇ ਕੌਮੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐੱਨਆਈਆਰਐੱਫ) ਰੈਂਕਿੰਗ 2025 ਜਾਰੀ ਕੀਤਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਘੋਸ਼ਿਤ ਕੀਤੀ ਗਈ ਰੈਂਕਿੰਗ ਵਿੱਚ ਭਾਰਤ ਦੀਆਂ 17 ਸ਼੍ਰੇਣੀਆਂ ਵਿੱਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾਂ ਦੀ ਸੂਚੀ ਹੈ।
ਇਸ ਸਾਲ ਆਈਆਈਟੀ ਮਦਰਾਸ ਨੇ ਲਗਾਤਾਰ ਸੱਤਵੇਂ ਸਾਲ ਸਮੁੱਚੇ ਵਰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸਸੀ) ਬੰਗਲੁਰੂ ਨੇ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਇੰਜਨੀਅਰਿੰਗ ਸ਼੍ਰੇਣੀ ਵਿੱਚ ਆਈਆਈਟੀ ਮਦਰਾਸ ਨੇ ਲਗਾਤਾਰ ਦਸਵੇਂ ਸਾਲ ਪਹਿਲਾ ਸਥਾਨ ਹਾਸਲ ਕੀਤਾ ਹੈ।