ਡੱਡੂਮਾਜਰਾ ਡੰਪ ਦੀ ਸਫ਼ਾਈ ਨਾ ਹੋਣ ਕਾਰਨ ਐੱਨਜੀਟੀ ਖ਼ਫ਼ਾ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਚੰਡੀਗੜ੍ਹ ਵਿੱਚ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਕਾਰਨ ਪੈਦਾ ਹੋ ਰਹੇ ਵਾਤਾਵਰਨ ਪ੍ਰਦੂਸ਼ਣ ਅਤੇ ਲੋਕਾਂ ਦੀ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਸਬੰਧੀ ਮੀਡੀਆ ’ਚ ਛਪੀਆਂ ਰਿਪੋਰਟਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕੀਤੀ ਹੈ।
ਨਵੀਂ ਦਿੱਲੀ ਤੋਂ ਏਐੱਨਆਈ ਮੁਤਾਬਕ ਇਨ੍ਹਾਂ ਹੁਕਮਾਂ ’ਚ ਕਿਹਾ ਗਿਆ ਹੈ ਕਿ 23 ਜੁਲਾਈ ਨੂੰ ਛਪੀ ਇੱਕ ਖ਼ਬਰ ਵਿੱਚ ਇਹ ਪਤਾ ਲੱਗਿਆ ਹੈ ਕਿ ਇੱਥੇ ਇਕੱਠੇ ਕੀਤੇ ਕੂੜੇ ਵਿੱਚੋਂ ਰਿਸ ਰਿਹਾ ਪਾਣੀ ਨੇੜਲੇ ਖੇਤਾਂ ਅਤੇ ਜਲ ਸੋਮਿਆ ਨੂੰ ਦੂਸ਼ਿਤ ਕਰ ਰਿਹਾ ਹੈ। ਇਨ੍ਹਾਂ ਵਿੱਚ ਪਟਿਆਲਾ ਕੀ ਰਾਓ ਚੋਅ ਵੀ ਸ਼ਾਮਲ ਹੈ। ਇਸ ਸਮੇਂ ਪੈ ਰਹੇ ਮੌਨਸੂਨ ਦੇ ਭਰਵੇਂ ਮੀਹਾਂ ਨੇ ਸਥਿਤ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਇਸ ਨਾਲ ਇੱਥੇ ਨੇੜੇ ਵੱਸਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਕਾਰਨ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਾਹ ਨਾਲ ਸਬੰਧਤ ਬਿਮਾਰੀਆਂ, ਚਮੜੀ ਦੀਆਂ ਬਿਮਾਰੀਆਂ ਤੇ ਇੱਥੋਂ ਤਕ ਕਿ ਲੋਕਾਂ ਨੂੰ ਟੀਬੀ ਤੇ ਕੈਂਸਰ ਆਦਿ ਬਿਮਾਰੀਆਂ ਹੋਣ ਲੱਗੀਆਂ ਹਨ। ਇਸ ਮੀਡੀਆ ਰਿਪੋਰਟ ਅਨੁਸਾਰ ਕੂੜੇ ਵਿੱਚੋਂ ਨਿਕਲਦਾ ਦੂਸ਼ਿਤ ਤਰਲ ਪਾਣੀ ਵਿਚ ਰਲ ਕੇ ਰਿਹਾਇਸ਼ੀ ਖੇਤਰਾਂ ਵਿੱਚ ਵੱਸਦੇ ਲੋਕਾਂ ’ਤੇ ਮਾਰੂ ਅਸਰ ਕਰ ਰਿਹਾ ਹੈ। ਐੱਨਜੀਟੀ ਨੇ ਦੇਖਿਆ ਹੈ ਕਿ ਇੱਥੇ ਕਈ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਦੀ ਅਗਵਾਈ ਵਾਲੇ ਤੇ ਡਾ. ਏ.ਸੇਂਥਿਲ ਵੇਲ ਅਤੇ ਡਾ. ਅਫਰੋਜ਼ ਅਹਿਮਦ ਦੇ ਸਮਰਥਨ ਵਾਲੇ ਬੈਂਚ ਨੇ ਇੱਥੇ ਗੰਭੀਰ ਹੋ ਰਹੇ ਹਾਲਾਤ ਨੂੰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਵਿੱਚ ਦੇਰੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਕੂੜਾ ਡੰਪ ਦੀ ਸਫ਼ਾਈ 31 ਮਈ ਤਕ ਮੁਕੰਮਲ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ ਪਰ ਇਸ ’ਤੇ ਸਮਾਂਬੱਧ ਕੰਮ ਨਹੀਂ ਕੀਤਾ ਗਿਆ। ਇਸ ਦੌਰਾਨ ਇੱਥੇ ਕੂੜੇ ਨੂੰ ਅੱਗ ਲੱਗ ਗਈ ਸੀ ਜਿਸ ਨੂੰ ਬੁਝਾਉਣ ਲਈ ਕਰੀਬ ਸਵਾ ਲੱਖ ਲਿਟਰ ਤੋਂ ਵੱਧ ਪਾਣੀ ਦੀ ਲੋੜ ਪਈ ਸੀ। ਇਸ ਸਫ਼ਾਈ ਦੀ ਟੀਚੇ ਨੂੰ ਜੁਲਾਈ ਤਕ ਵਧਾਇਆ ਗਿਆ ਸੀ ਪਰ ਅਜੇ ਤਕ ਕੂੜੇ ਦੀ ਸਫ਼ਾਈ ਨਾ ਹੋਣ ਕਾਰਨ ਇਸ ਸਬੰਧੀ ਚਿੰਤਾ ’ਚ ਵਾਧਾ ਹੋ ਰਿਹਾ ਹੈ।
ਇਸ ਦੇ ਜਵਾਬ ਵਿੱਚ ਟ੍ਰਿਬਿਊਨਲ ਨੇ ਚੰਡੀਗੜ੍ਹ ਨਿਗਮ, ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ, ਡਿਪਟੀ ਕਮਿਸ਼ਨਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਨੂੰ ਤਿੰਨ ਨਵੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਜਵਾਬ ਸਣੇ ਹਲਫ਼ਨਾਮੇ ਦਾਇਰ ਕਰਨ ਦੇ ਹੁਕਮ ਦਿੱਤੇ ਹਨ। -ਏਐੱਨਆਈ