ਨਵਾਂਗਰਾਉਂ ਪੁਲੀਸ ਵੱਲੋਂ ਘਰ-ਘਰ ਤਲਾਸ਼ੀ ਮੁਹਿੰਮ
ਥਾਣਾ ਨਵਾਂ ਗਰਾਉਂ ਦੀ ਪੁਲੀਸ ਨੇ ਅੱਜ ਇਲਾਕੇ ਵਿੱਚ ਮਾੜੇ ਅਨਸਰਾਂ ਖਿਲਾਫ ਤਲਾਸ਼ੀ ਮੁਹਿੰਮ ਚਲਾਈ। ਥਾਣਾ ਨਵਾਂ ਗਰਾਉਂ ਦੇ ਐੱਸ ਐੱਚ ਓ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਦੇ ਪੁਲੀਸ ਕਪਤਾਨ ਹਰਮਨਦੀਪ ਸਿੰਘ ਹੰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਨਵਾਂ ਗਰਾਉਂ ਦੇ ਸਾਰੇ ਇਲਾਕੇ ਵਿੱਚ ਪੁਲੀਸ ਵੱਲੋਂ ਘਰ ਘਰ ਜਾ ਕੇ ਮਾੜੇ ਅਨਸਰਾਂ ਦੀ ਪਛਾਣ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਚੱਲਦੀ ਰਹੇਗੀ। ਉਨਾਂ ਕਿਹਾ ਕਿ ਪਿੰਡ ਕਾਂਸਲ ਮੋੜ, ਝੀਲ ਰੋਡ, ਕੈਂਬਾਲਾ ਤੇ ਖੁੱਡਾ ਅਲੀਸ਼ੇਰ ਮੋੜ, ਨਾਡਾ ਮੋੜ, ਜਨਤਾ ਕਲੋਨੀ, ਖੁੱਡਾ ਲਹੌਰਾ ਮੋੜ ਤੇ ਸਮੁੱਚੇ ਨਵਾਂ ਗਰਾਉਂ ਇਲਾਕੇ ਵਿੱਚ ਸਪੈਸ਼ਲ ਨਾਕੇ ਲਗਾ ਕੇ ਪੁਲੀਸ ਵੱਲੋਂ ਤਲਾਸ਼ੀ ਲੈਣ ਦਾ ਸਿਲਸਿਲਾ ਜਾਰੀ ਹੈ। ਨਵਾਂ ਗਰਾਉਂ ਖੇਤਰ ਵਿਖੇ ਬਣੇ ਹੋਏ ਵੱਡੀ ਗਿਣਤੀ ਹੋਟਲਾਂ ਵਿੱਚ ਪਹਿਲਾਂ ਰਹਿਣ ਵਾਲੇ ਲੋਕਾਂ ਦੀ ਜੰਗੀ ਪੱਧਰ ਉਤੇ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਹੋਟਲਾਂ ਵਿੱਚ ਨਵੇਂ ਲੋਕਾਂ ਲਈ ਠਹਿਰਨ ਵਾਲਿਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਅੱਜ ਸ਼ਾਮ ਵੇਲੇ ਇਸ ਤਲਾਸ਼ੀ ਮੁਹਿੰਮ ਦੌਰਾਨ ਸ਼ਿਮਲਾ ਹਿਮਾਚਲ ਦੇ ਚਾਰ ਨੌਜਵਾਨਾਂ ਦੀਕਸ਼ਤ, ਅਨਿਕੇਤ, ਪ੍ਰਜਵਲ ਤੇ ਸੌਰਵ ਨੂੰ ਇੱਕ ਕਾਰ ’ਚ ਨਸ਼ਾ ਕਰਦਿਆਂ ਨੂੰ ਫੜਿਆ ਹੈ। ਚਾਰਾਂ ਖ਼ਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਹੈ।
