ਪੰਜਾਬ ਪੁਲੀਸ ਵੱਲੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ
ਪੰਜਾਬ ਦੀ ਰੋਪੜ ਪੁਲੀਸ ਨੇ ਨਵਨੀਤ ਚਤੁਰਵੇਦੀ ਨੂੰ ਅੱਜ ਰਾਤ ਅੱਠ ਵਜੇ ਦੇ ਕਰੀਬ ਗ੍ਰਿਫ਼ਤਾਰ ਕਰ ਲਿਆ ਹੈ। ਚਤੁਰਵੇਦੀ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਜਿਸ ਤੋਂ ਬਾਅਦ ਰੋਪੜ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਰੋਪੜ ਦੀ ਅਦਾਲਤ ਨੇ ਲੰਘੇ ਕੱਲ੍ਹ ਚਤੁਰਵੇਦੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ ਪ੍ਰੰਤੂ ਚੰਡੀਗੜ੍ਹ ਪੁਲੀਸ ਵੱਲੋਂ ਪਾਏ ਅੜਿੱਕੇ ਕਾਰਨ ਇਨ੍ਹਾਂ ਹੁਕਮਾਂ ਦੀ ਤਾਮੀਲ ਨਹੀਂ ਹੋ ਸਕੀ ਸੀ। ਅੱਜ ਰੋਪੜ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਚੰਡੀਗੜ੍ਹ ਦੇ ਐੱਸ ਐੱਸ ਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਹਨ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ।
ਇਸ ਤੋਂ ਬਾਅਦ ਅੱਜ ਦੇਰ ਸ਼ਾਮ ਵੇਲੇ ਚੰਡੀਗੜ੍ਹ ਦੇ ਸੈਕਟਰ 3 ਥਾਣੇ ਵਿਚ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਨਵਨੀਤ ਚਤੁਰਵੇਦੀ ਨੂੰ ਹਿਰਾਸਤ ਵਿਚ ਲਿਆ ਗਿਆ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਰਾਜ ਸਭਾ ਦੀ ਉਪ ਚੋਣ ’ਚ ਨਿੱਤਰਨ ਵਾਲੇ ਨਵਨੀਤ ਚਤੁਰਵੇਦੀ ਨੂੰ ਆਖ਼ਰਕਾਰ ਦੋ ਦਿਨਾਂ ਦੀ ਖਿੱਚੋਤਾਣ ਮਗਰੋਂ ਗ੍ਰਿਫ਼ਤਾਰ ਕੀਤਾ। ਰੋਪੜ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸੁਖਵਿੰਦਰ ਸਿੰਘ ਨੇ ਚੰਡੀਗੜ੍ਹ ਦੇ ਐੱਸ ਐੱਸ ਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ। ਇਨ੍ਹਾਂ ਹੁਕਮਾਂ ਮਗਰੋਂ ਇੱਕ ਵਾਰ ਤਾਂ ਚੰਡੀਗੜ੍ਹ ਪੁਲੀਸ ਨੇ ਆਨਾਕਾਨੀ ਕੀਤੀ ਪਰ ਆਖ਼ਰ ਉਸ ਨੇ ਰੋਪੜ ਪੁਲੀਸ ਲਈ ਸੈਕਟਰ 3 ਦੇ ਥਾਣੇ ਦਾ ਗੇਟ ਖੋਲ੍ਹ ਦਿੱਤਾ। ਦੇਰ ਸ਼ਾਮ ਅੱਠ ਵਜੇ ਰੋਪੜ ਪੁਲੀਸ ਨੇ ਗ੍ਰਿਫ਼ਤਾਰੀ ਵਾਰੰਟਾਂ ਦੇ ਆਧਾਰ ’ਤੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰ ਲਿਆ। ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ’ਚ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕਰਾਇਆ ਸੀ।
ਇਹ ਵੀ ਪੜ੍ਹੋ:
ਚਤੁਰਵੇਦੀ ਮਾਮਲਾ: ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ
ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਲਈ ਪੰਜਾਬ ਪੁਲੀਸ ਨੇ ਸੈਕਟਰ 3 ਥਾਣੇ ਦੇ ਬਾਹਰ ਲਾਏ ਡੇਰੇ