ਸਿੱਖ ਗੁਰਦੁਆਰਾ ਐਕਟ ਦੀ ਸ਼ਤਾਬਦੀ ਸਬੰਧੀ ਕੌਮੀ ਸੈਮੀਨਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਅਤੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਸਿੱਖ ਗੁਰਦੁਆਰਾ ਐਕਟ-1925 ਦੀ ਸ਼ਤਾਬਦੀ ਨੂੰ ਸਮਰਪਿਤ ‘ਸਿੱਖ ਗੁਰਦੁਆਰਾ ਐਕਟ 1925: ਉਦੇਸ਼, ਪ੍ਰਾਪਤੀਆਂ ਅਤੇ ਸੰਭਾਵਨਾਵਾਂ’ ਸਿਰਲੇਖ ਹੇਠ ਕੌਮੀ ਸੈਮੀਨਾਰ ਕੀਤਾ ਗਿਆ। ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਸਿੱਖ ਕੌਮ ਲਈ ਧਾਰਮਿਕ, ਜਥੇਬੰਦਕ ਅਤੇ ਸਮਾਜਿਕ ਪੱਖ ਤੋਂ ਬੇਹਦ ਮਹੱਤਵਪੂਰਨ ਹੈ। ਇਸ ਨੇ ਸਿੱਖ ਧਰਮ ਦੀ ਪ੍ਰਬੰਧਕੀ ਸੰਸਥਾ ਨੂੰ ਲੋਕਤਾਂਤਰਿਕ ਢਾਂਚਾ ਪ੍ਰਦਾਨ ਕੀਤਾ ਜੋ ਅੱਜ ਵੀ ਪ੍ਰਸੰਗਿਕ ਹੈ। ਉਦਘਾਟਨੀ ਬੁਲਾਰੇ ਪ੍ਰੋ. ਕੇਹਰ ਸਿੰਘ ਸਾਬਕਾ ਚੇਅਰਮੈਨ ਨੇ ਵਿਸ਼ੇ ਨਾਲ ਜੁੜੇ ਇਤਿਹਾਸਕ ਅਤੇ ਸਿਧਾਂਤਕ ਪੱਖਾਂ ‘ਤੇ ਚਾਨਣਾ ਪਾਇਆ। ਮਹਿਮਾਨ ਵਕਤਾ ਪ੍ਰੋ. ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਨੇ ਗੁਰਦੁਆਰਾ ਐਕਟ ਦੇ ਕਾਨੂੰਨੀ ਪੱਖਾਂ ‘ਤੇ ਚਰਚਾ ਕਰਦਿਆਂ ਸਮੇਂ ਅਨੁਸਾਰ ਲੋੜੀਂਦੀਆਂ ਸੋਧਾਂ ’ਤੇ ਜ਼ੋਰ ਦਿੱਤਾ। ਪ੍ਰਿੰਸਪਲ ਡਾ. ਗੁਰਤੇਜ ਸਿੰਘ ਨੇ ਧਾਰਮਿਕ ਜੀਵਨ ਅਤੇ ਸਮਾਜਕ ਚੇਤਨਾ ’ਤੇ ਪ੍ਰਭਾਵ ਬਾਰੇ ਚਰਚਾ ਕੀਤੀ। ਡੀਨ ਅਕਾਦਮਿਕ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ੇ ਅਕਾਦਮਿਕ ਜਗਤ ਨੂੰ ਸਿੱਖ ਇਤਿਹਾਸ ਅਤੇ ਧਾਰਮਿਕ ਕਾਨੂੰਨ ਦੇ ਅਧਿਐਨ ਨਾਲ ਜੋੜਦੇ ਹਨ। ਪ੍ਰੋ. ਜਮਸ਼ੀਦ ਅਲੀ ਖਾਨ, ਰਾਜਨੀਤੀ ਵਿਗਿਆਨ ਅਤੇ ਪ੍ਰੋ. ਅਮਿਤਾ ਕੌਸ਼ਲ ਮੁਖੀ ਕਾਨੂੰਨ ਵਿਭਾਗ ਨੇ ਵਿਸ਼ੇਸ ਟਿੱਪਣੀ ਕਰਦਿਆ ਐਕਟ ਦੇ ਸੰਦਰਭ ਵਿੱਚ ਸਿੱਖ ਕੌਮ ਦੇ ਮੁਖਾਤਿਬ ਮਹੱਤਵਪੂਰਨ ਪ੍ਰਸ਼ਨਾਂ ਤੇ ਚਰਚਾ ਕੀਤੀ। ਡਾ. ਹਰਦੇਵ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਜਦੋ ਕਿ ਡਾ. ਰਮਨਦੀਪ ਕੌਰ ਨੇ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਜਸਪਾਲ ਕੌਰ ਕਾਂਗ ਅਤੇ ਡਾ. ਕਿਰਨਦੀਪ ਕੌਰ ਐਸੋਸੀਏਟ ਪ੍ਰੋਫੈਸਰ ਨੇ ਵੀ ਵਿਚਾਰ ਰੱਖੇ।
