ਨੈਸ਼ਨਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਬਨੂੜ: ਨਗਰ ਕੌਂਸਲ ਬਨੂੜ ਵੱਲੋਂ ਸਵੱਛਤਾ ਮੁਹਿੰਮ ਅਧੀਨ ਸਕੂਲੀ ਬੱਚਿਆਂ ਦੇ ‘ਵੇਸਟ ਤੋਂ ਆਰਟ‘ ਮੁਕਾਬਲੇ ਕਰਾਏ ਗਏ। ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਬਨੂੜ ਦੇ ਵਿਦਿਆਰਥੀਆਂ ਨੇ ਇਨ੍ਹਾਂ ਵਿਚ ਤੀਜਾ ਸਥਾਨ ਹਾਸਲ ਕੀਤਾ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਜੇਤੂ ਟੀਮਾਂ ਨੂੰ ਇਨਾਮ, ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਮੌਕੇ ਸੀ ਐੱਫ ਅਮਨਦੀਪ ਕੌਰ, ਇੰਸਪੈਕਟਰ ਵਰਿੰਦਰ ਸਿੰਘ ਅਤੇ ਬਰਾਂਡ ਅੰਬੈਸਡਰ ਦੀਦਾਰ ਸਿੰਘ ਹਾਜ਼ਰ ਸਨ। ਸਕੂਲ ਡਾਇਰੈਕਟਰ ਕੈਪਟਨ ਜਗਜੀਤ ਸਿੰਘ ਨੇ ਵਧਾਈ ਦਿੱਤੀ। -ਪੱਤਰ ਪ੍ਰੇਰਕ
ਜਥੇ ਨੂੰ ਪਾਕਿ ਜਾਣ ਦੀ ਇਜਾਜ਼ਤ ਦੇਣ ਦਾ ਸਵਾਗਤ
ਕੁਰਾਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਦੇ ਜਥੇ ਨੂੰ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇਣ ਦੀ ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗਿੱਲ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਦੇ ਸਬੰਧ ਵੀ ਸੁਖਾਵੇਂ ਹੋਣਗੇ। ਸ੍ਰੀ ਗਿੱਲ ਨੇ ਇਸ ਵਾਰ ਪਾਕਿਸਤਾਨ ਨਾਲ ਸਬੰਧ ਸੁਖਾਵੇਂ ਨਾ ਹੋਣ ਦੇ ਬਾਵਜੂਦ ਜਥੇ ਨੂੰ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਦੀ ਪ੍ਰਵਾਨਗੀ ਦੇਣੀ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਤੇ ਸਿੱਖ ਧਰਮ ਪ੍ਰਤੀ ਪਿਆਰ ਦਾ ਸਬੂਤ ਹੈ। -ਪੱਤਰ ਪ੍ਰੇਰਕ
ਚਮਕੌਰ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਗੁਰ ਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਇਜਾਜ਼ਤ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ। ਪਾਰਟੀ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਥੇ ਨੂੰ ਇਜਾਜ਼ਤ ਦੇਣ ਦਾ ਫ਼ੈਸਲਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਹੁਣ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਵਿੱਚ ਵੀ ਇਸ ਤਰ੍ਹਾਂ ਦਾ ਫ਼ੈਸਲਾ ਲਵੇ। -ਨਿੱਜੀ ਪੱਤਰ ਪ੍ਰੇਰਕ
ਪਿਮਟ ’ਚ ਗਾਂਧੀ ਜੈਅੰਤੀ ਮਨਾਈ
ਮੰਡੀ ਗੋਬਿੰਦਗੜ੍ਹ: ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ ਨੇ ਗਾਂਧੀ ਜੈਅੰਤੀ ਮੌਕੇ ਆਈਟੀ ਵਿਭਾਗ ਦੇ ਮੁਖੀ ਅਮਿਤ ਕਪੂਰ ਦੀ ਨਿਗਰਾਨੀ ਹੇਠ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕੁਇਜ਼, ਭਾਸ਼ਣ ਅਤੇ ਡਿਜੀਟਲ ਪੋਸਟਰ-ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਭਾਸ਼ਨ ਵਿਚ ਖੁਸ਼ੀ ਨੇ ਪਹਿਲਾ, ਹਰਜੋਤ ਕੌਰ ਤੇ ਹਮਸ਼ਾਨ ਬੇਗ ਨੇ ਦੂਜਾ, ਡਿਜੀਟਲ ਪੋਸਟਰ-ਮੇਕਿੰਗ ਵਿੱਚ ਨਿਸ਼ਾ ਨੇ ਪਹਿਲਾ, ਰੀਆ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ, ਕੁਇਜ਼ ਵਿੱਚ ਟੀਮ ਬੀ ਨੇ ਪਹਿਲਾ ਅਤੇ ਟੀਮ ਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਸਾਰੇ ਵਿਭਾਗਾਂ ਨੂੰ ਸਮੇਂ-ਸਮੇਂ ’ਤੇ ਅਜਿਹੇ ਸਮਾਗਮਾਂ ਕਰਵਾਉਣ ਲਈ ਉਤਸ਼ਾਹਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ
ਬਲਵਿੰਦਰ ਖਮਾਣੋਂ ਦਾ ਸਨਮਾਨ
ਫ਼ਤਹਿਗੜ੍ਹ ਸਾਹਿਬ: ਪੰਜਾਬ ਗੌਰਮਿੰਟ ਡਰਾਈਵਰ ਐਂਪਲਾਈਜ਼ ਯੂਨੀਅਨ ਫਤਹਿਗੜ੍ਹ ਸਾਹਿਬ ਵੱਲੋਂ ਬਲਵਿੰਦਰ ਸਿੰਘ ਖਮਾਣੋਂ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਉਸ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਰਾਣਾ, ਸਲਾਹਕਾਰ ਕਲਵੰਤ ਸਿੰਘ ਢਿੱਲੋਂ, ਗੁਰਮਿੰਦਰ ਸਿੰਘ ਸੈਣੀ, ਪ੍ਰਦੀਪ ਕੁਮਾਰ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਰਸਵਿੰਦਰ ਸਿੰਘ ਸਿੰਮੀ, ਸ਼ੇਰ ਸਿੰਘ, ਦਿਲਬਾਗ ਸਿੰਘ, ਸੁਨੀਲ ਕੁਮਾਰ, ਜਸਵੀਰ ਸਿੰਘ, ਗੁਰਵਿੰਦਰ ਸਿੰਘ ਅਤੇ ਸੋਹਣ ਸਿੰਘ ਆਦਿ ਨੇ ਵਿਚਾਰ ਰੱਖੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਡਰਾਈਵਰਾਂ ਦੀ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ ਅਤੇ ਡੀਏ ਦਾ ਬਕਾਇਆ ਫੌਰੀ ਦਿੱਤਾ ਜਾਵੇ। -ਨਿੱਜੀ ਪੱਤਰ ਪ੍ਰੇਰਕ
ਸਮਾਗਮ ’ਚ ਗਾਇਕਾਂ ਨੇ ਰੰਗ ਬੰਨ੍ਹਿਆਂ
ਕੁਰਾਲੀ: ਸਥਾਨਕ ਦਸਹਿਰਾ ਮੈਦਾਨ ਵਿੱਚ ਅਕਬਰਪੁਰ ਪੱਟੀ ਕੁਰਾਲੀ ਵੱਲੋਂ ਰਾਮ ਲੀਲਾ ਕਮੇਟੀ ਅਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਦਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਲੋਕ ਗਾਇਕ ਉਮਿੰਦਰ ਓਮਾ ਦੀ ਅਗਵਾਈ ਵਿੱਚ ਕਰਵਾਏ ਇਸ ਸੱਭਿਆਚਾਰਕ ਦੌਰਾਨ ਗਾਇਕਾਂ ਨੇ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ। ਮੇਲੇ ਦਾ ਉਦਘਾਟਨ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਅਤੇ ਕੌਂਸਲਰ ਬਹਾਦਰ ਸਿੰਘ ਓਕੇ ਨੇ ਕੀਤੀ ਜਦਕਿ ਸ਼ਮ੍ਹਾਂ ਰੋਸ਼ਨ ਦੀ ਰਸਮ ਐੱਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਕਮਲਜੀਤ ਚਾਵਲਾ ਅਤੇ ਰਵਿੰਦਰ ਸਿੰਘ ਬਿੱਲਾ ਨੇ ਨਿਭਾਈ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵਿਸ਼ੇਸ਼ ਮਹਿਮਾਨ ਅਤੇ ਪੰਜਾਬ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ ਤੇ ਖੇਡ ਪ੍ਰੋਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ
‘ਓਲਡ ਹੈਟਸ’ ਪੁਸਤਕ ਰਿਲੀਜ਼
ਪੰਚਕੂਲਾ: ਹਰਿਆਣਾ ਸਾਹਿਤ ਤੇ ਸੰਸਕ੍ਰਿਤ ਅਕਾਦਮੀ ਦੇ ਆਡੀਟੋਰੀਅਮ ਵਿੱਚ ਸਮਾਗਮ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਨੇ ਸਾਬਕਾ ਸੀਨੀਅਰ ਆਈਪੀਐਸ ਅਧਿਕਾਰੀ ਰਾਜਬੀਰ ਦੇਸਵਾਲ ਦੀ 24ਵੀਂ ਪੁਸਤਕ ‘ਓਲਡ ਹੈਟਸ’ ਰਿਲੀਜ਼ ਕੀਤੀ ਗਈ। ਇਸ ਮੌਕੇ ਸਾਬਕਾ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ, ਅਕੈਡਮੀ ਦੇ ਕਾਰਜਕਾਰੀ ਮੀਤ ਪ੍ਰਧਾਨ ਡਾ. ਕੁਲਦੀਪ ਚੰਦ ਅਗਨੀਹੋਤਰੀ, ਮੈਂਬਰ ਸਕੱਤਰ ਮਨਜੀਤ ਸਿੰਘ, ਅਕੈਡਮੀ ਦੇ ਡਾਇਰੈਕਟਰ ਡਾ. ਚੰਦਰ ਤ੍ਰਿਖਾ, ਡਾ. ਧਰਮ ਦੇਵ ਵਿਦਿਆਰਥੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ