ਸੱਭਿਆਚਾਰਕ ਰੰਗ ਬਿਖੇਰਦਾ ਕੌਮੀ ਸ਼ਿਲਪ ਮੇਲਾ ਸਮਾਪਤ
ਰਾਜਸਥਾਨ, ਤਿਲੰਗਾਨਾ ਅਤੇ ਉੱਤਰਾਖੰਡ ਸਣੇ ਕਈ ਰਾਜਾਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ। ਲੋਕਾਂ ਨੇ ਦਾਲ-ਬਾਟੀ ਅਤੇ ਦੁੱਧ-ਜਲੇਬੀ ਸਣੇ ਵੱਖ-ਵੱਖ ਸੂਬਿਆਂ ਦੇ ਪਕਵਾਨਾਂ ਦਾ ਆਨੰਦ ਮਾਣਿਆ।
ਮੇਲੇ ਦਾ ਆਖਰੀ ਦਿਨ ਹੋਣ ਕਰਕੇ ਸੈਲਾਨੀ ਸਟਾਲਾਂ ’ਤੇ ਖਰੀਦਦਾਰੀ ਕਰਨ ’ਚ ਰੁੱਝੇ ਹੋਏ ਸਨ। ਵੱਖ-ਵੱਖ ਰਾਜਾਂ ਦੇ ਸੁਆਦੀ ਪਕਵਾਨ ਵੇਚਣ ਵਾਲੇ ਸਟਾਲਾਂ ’ਤੇ ਵੀ ਭੀੜ ਇਕੱਠੀ ਦਿਖਾਈ ਦਿੱਤੀ।
ਦੁਪਹਿਰ ਦੇ ਸੈਸ਼ਨ ਵਿੱਚ ਮੁਰਲੀ ਰਾਜਸਥਾਨੀ ਨੇ ਆਪਣੀ ਲੋਕ ਗਾਇਕੀ ਨਾਲ ਸੂਬੇ ਦੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ। ਪ੍ਰੋਫੈਸਰ ਮੇਜਰ ਸਿੰਘ ਐਂਡ ਗਰੁੱਪ ਦੇ ਮਲਵਈ ਗਿੱਧਾ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ। ਬੌਬੀ ਸਿੱਧੂ ਨੇ ਲੋਕ ਗੀਤਾਂ ਨਾਲ ਹਾਜ਼ਰੀ ਲਵਾਈ।
ਕਲਾਕਾਰਾਂ ਨੇ ਕਲਾਗ੍ਰਾਮ ਦੇ ਮੈਦਾਨ ਵਿੱਚ ਰਾਜਸਥਾਨ ਦੀ ਕੱਚੀ ਘੋੜੀ ਅਤੇ ਹਰਿਆਣਾ ਦੇ ਬੀਨ ਜੋਗੀ ਅਤੇ ਨਾਚਾਂ ਦੇ ਨਿਰੰਤਰ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਪੰਜਾਬ ਦੀ ਜਾਦੂਗਰ ਟੀਮ ਦੇ ਸ਼ਾਨਦਾਰ ਸਟੰਟ ਨੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ। ਬੱਚਿਆਂ ਨੇ ਮੇਲੇ ਦੇ ਮੈਦਾਨ ਵਿੱਚ ਊਠ ਦੀ ਸਫਾਰੀ ਦਾ ਆਨੰਦ ਮਾਣਿਆ।
ਡਾਇਰੈਕਟਰ ਫੁਰਕਾਨ ਖਾਨ ਨੇ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਪ੍ਰਬੰਧਕਾਂ, ਮਹਿਮਾਨਾਂ, ਕਲਾਕਾਰਾਂ ਅਤੇ ਮੀਡੀਆ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
