ਕੌਮੀ ਕਮਿਸ਼ਨ ਹਰ ਵਰਗ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂੰਗੋ ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ’ਚ ਸਫ਼ਾਈ ਕਾਮਿਆਂ ਲਈ ਕਰਵਾਏ ਮਨੁੱਖੀ ਅਧਿਕਾਰ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਸਫ਼ਾਈ ਕਾਮਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।
ਪ੍ਰਿਆਂਕ ਕਾਨੂੰਗੋ ਨੇ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹਰ ਵਰਗ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਦਾ ਮਨੋਰਥ ਹੀ ਆਮ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਕਿਸੇ ਵੀ ਪੱਧਰ ’ਤੇ ਉਲੰਘਣਾ ਨਾ ਹੋਣ ਦੇਣਾ ਹੈ। ਉਨ੍ਹਾਂ ਨੇ ਸਫ਼ਾਈ ਕਾਮਿਆਂ ਦੀ ਸਮਾਜ ਵਿੱਚ ਅਹਿਮ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਸਫ਼ਾਈ ਕਰਮਚਾਰੀ ਤਨਦੇਹੀ ਨਾਲ ਆਪਣੀ ਡਿਊਟੀ ਨਾ ਨਿਭਾਉਣ ਤਾਂ ਸਮਾਜ ਵਿੱਚ ਹਰ ਪਾਸੇ ਗੰਦਗੀ ਦਾ ਖਿਲਾਰਾ ਹੋ ਜਾਵੇਗਾ। ਉਨ੍ਹਾਂ ਕਿਹਾ ਇਸ ਲਈ ਸਾਨੂੰ ਸਭਨਾਂ ਨੂੰ ਸਫ਼ਾਈ ਕਰਮਚਾਰੀਆਂ ਦੇ ਧੰਨਵਾਦੀ ਹੁੰਦੇ ਹੋਏ ਉਨ੍ਹਾਂ ਨਾਲ ਬਹੁਤ ਹੀ ਨਿਮਰਤਾ ਵਾਲਾ ਵਿਹਾਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਾਮਿਆਂ ਦਾ ਕਿਸੇ ਵੀ ਪੱਧਰ ਤੇ ਕਿਸੇ ਵੀ ਤਰ੍ਹਾਂ ਦਾ ਸੋਸ਼ਣ ਨਾ ਹੋਵੇ ਅਤੇ ਨਗਰ ਕੌਂਸਲਾਂ ਅਤੇ ਪ੍ਰਸ਼ਾਸਨ ਇਸ ਪ੍ਰਤੀ ਪੂਰਾ ਧਿਆਨ ਰੱਖੇ।
ਉਨ੍ਹਾਂ ਇਹ ਵੀ ਆਖਿਆ ਕਿ ਕੂੜਾ ਚੁੱਕਣ ਲਈ ਕੰਪਨੀਆਂ ਦੀ ਆਮਦ ਦੇ ਮੱਦੇ ਨਜ਼ਰ ਪ੍ਰਸ਼ਾਸਨ ਅਤੇ ਨਗਰ ਕੌਂਸਲਾਂ ਦੀ ਜਿੰਮੇਵਾਰੀ ਸਫ਼ਾਈ ਕਾਮਿਆਂ ਪ੍ਰਤੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਠੋਸ ਕੂੜਾ ਕਰਕਟ ਸੰਭਾਲਣ ਲਈ ਕੰਪਨੀਆਂ ਜਾਂ ਠੇਕੇਦਾਰਾਂ ਦੀ ਆਮਦ ਦੇ ਮੱਦੇ ਨਜ਼ਰ ਸਫ਼ਾਈ ਕਰਮਚਾਰੀਆਂ ਦੇ ਹਿੱਤ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਣ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਸਾਰਿਆਂ ਸਫ਼ਾਈ ਕਰਮਚਾਰੀਆਂ ਅਤੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੀ ਭਲਾਈ ਪ੍ਰਤੀ ਪ੍ਰਸ਼ਾਸਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਕਰਮਚਾਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮ ਦੌਰਾਨ ਸਫ਼ਾਈ ਕਰਮਚਾਰੀਆਂ ਅਤੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਅਤੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸਬੰਧਤ ਅਧਿਕਾਰੀਆਂ ਰਾਹੀਂ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਕਾਰਜ ਸਾਧਕ ਅਫਸਰ ਜ਼ੀਰਕਪੁਰ ਪਰਵਿੰਦਰ ਸਿੰਘ ਭੱਟੀ, ਚਰਨਪਾਲ ਸਿੰਘ ਮਿਊਂਸਪਲ ਇੰਜਨੀਅਰ ਅਤੇ ਸਫ਼ਾਈ ਕਰਮਚਾਰੀ ਹਾਜ਼ਰ ਸਨ।
ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਉਣ ’ਤੇ ਜ਼ੋਰ
ਪ੍ਰਿਆਂਕ ਕਾਨੂੰਗੋ ਨੇ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗਰੁੱਪ ਵਿੱਚ ਗਰੀਬ ਅਤੇ ਵਿਧਵਾ ਔਰਤਾਂ ਨੂੰ ਸ਼ਾਮਲ ਕੀਤਾ ਜਾਵੇ ਤੇ ਉਨ੍ਹਾਂ ਨੂੰ ਹੋਰ ਕੰਮਾਂ ਦੇ ਨਾਲ-ਨਾਲ ਝਾੜੂ ਬਣਾਉਣ ਦਾ ਕੰਮ ਵੀ ਦਿੱਤਾ ਜਾਵੇ ਅਤੇ ਮਿਊਂਸਿਪਲ ਸੰਸਥਾਵਾਂ ਉਨ੍ਹਾਂ ਪਾਸੋਂ ਝਾੜੂ ਖਰੀਦਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਫ਼ਾਈ ਕਾਮਿਆਂ ਪੂਰਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਕਿਸੇ ਦਾ ਵੀ ਸ਼ੋਸ਼ਣ ਨਹੀਂ ਹੋਣਾ ਚਾਹੀਦਾ।
