ਨਾਇਬ ਸੈਣੀ ਨੇ ਨਾਢਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਿਆ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਢਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਇਬ ਸਿੰਘ ਸੈਣੀ ਨੂੰ ਸਰੋਪਾਓ ਅਤੇ ਤਲਵਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਲ 1984 ਵਿੱਚ ਹੋਏ ਦੰਗਿਆਂ ਦੌਰਾਨ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਆਪਣੇ ਘਰ ਦੇ ਮੁਖੀਏ ਨੂੰ ਖੋਹਿਆ ਹੈ ਉਹਨਾਂ ਦੀ ਸਰਕਾਰ ਉਸ ਘਰ ਦੇ ਮੈਂਬਰਾਂ ਨੂੰ ਨੌਕਰੀ ਦੇਵੇਗੀ। ਨੌਕਰੀ ਲੈਣ ਦੇ ਇਛੁੱਕ ਪਰਿਵਾਰ ਜ਼ਿਲ੍ਹੇ ਦੇ ਡੀਸੀ ਰਾਹੀਂ ਆਪਣੀ ਅਰਜ਼ੀ ਦੇ ਕੇ ਸਰਕਾਰ ਤੋਂ ਨੌਕਰੀ ਪ੍ਰਾਪਤ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾ ਨਾਲ ਸ਼ਹੀਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਬਾਰੇ ਸਰਬਸੰਮਤੀ ਨਾਲ ਮਤਾ ਵੀ ਪਾਸ ਕੀਤਾ ਗਿਆ ਹੈ। ਇਸ ਪ੍ਰੋਗਰਾਮ ਨੂੰ ਲੈ ਕੇ ਵੱਖ ਵੱਖ ਥਾਵਾਂ ’ਤੇ ਧਾਰਮਿਕ ਪ੍ਰੋਗਰਾਮ ਵੀ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪੁਲੀਸ ਡਿਪਟੀ ਕਮਿਸ਼ਨਰ ਸਰਿਸ਼ਟੀ ਗੁਪਤਾ, ਐੱਸਡੀਐੱਮ ਚੰਦਰਕਾਂਤ ਕਟਾਰੀਆ ਸ਼ਾਮਲ ਸਨ।