ਨਗਰ ਕੀਰਤਨ ਦਾ ਥਾਂ-ਥਾਂ ਭਰਵਾਂ ਸਵਾਗਤ
ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਡੇਰਾਬੱਸੀ ਹਲਕੇ ਦੇ ਵੱਖ-ਵੱਖ ਗੁਰੂਘਰਾਂ ਰਾਹੀਂ ਗੁਜ਼ਰਦਾ ਹੋਇਆ ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਨਾਭਾ ਸਾਹਿਬ (ਪਾਤਸ਼ਾਹੀ ਨੌਵੀਂ-ਦਸਵੀਂ) ਵੱਲ ਰਵਾਨਾ ਹੋਇਆ। ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੁਰਦੁਆਰਾ ਦਿਹਾਤੀ ਸ੍ਰੀ ਸਿੰਘ ਸਭਾ ਡੇਰਾਬੱਸੀ ਵੱਲੋਂ ਨੇੜਲੇ ਬੱਸ ਅੱਡੇ ਤੋਂ ਆਰੰਭ ਕੀਤਾ ਗਿਆ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਵਿ
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਸਿੱਖ ਧਰਮ ਦਾ ਇਤਿਹਾਸ ਮਨੁੱਖਤਾ, ਨਿਆਂ ਅਤੇ ਧਰਮ ਦੀ ਰੱਖਿਆ ਲਈ ਕੀਤੀਆਂ ਸ਼ਹਾਦਤਾਂ ਨਾਲ ਭਰਪੂਰ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਜਬਰ ਖ਼ਿਲਾਫ਼ ਖੜ੍ਹੇ ਹੋ ਕੇ ਧਰਮ ਦੀ ਆਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ, ਜੋ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਮਿਸਾਲ ਮੰਨੀ ਜਾਂਦੀ ਹੈ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਨੂੰ ਜਿੰਦਾ ਸਾੜ ਕੇ ਅਤੇ ਭਾਈ ਦਿਆਲਾ ਨੂੰ ਉਬਲਦੇ ਤੇਲ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਪਰ ਉਹ ਆਪਣੇ ਗੁਰੂ ਅਤੇ ਸੱਚ ਦੀ ਰਾਹੀਂ ਅਟੱਲ ਰਹੇ। ਇਹ ਬਲਿਦਾਨ ਸਿਰਫ਼ ਧਰਮ ਲਈ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਕੀਤੇ ਗਏ ਸਨ।
ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਮੋਟੇ ਮਾਜਰਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਦੁਰਾਲੀ ਦੇ ਰਾਗੀ ਜਥੇ ਵੱਲੋਂ ਕੀਰਤਨ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਕਥਾਵਾਚਕ ਭਾਈ ਸੰਦੀਪ ਸਿੰਘ ਵੱਲੋਂ ਗੁਰਬਾਣੀ ਅਤੇ ਨੌਵੇਂ ਪਾਤਸ਼ਾਹੀ ਦੇ ਜੀਵਨ ਨਾਲ ਸੰਬੰਧਿਤ ਪ੍ਰਸੰਗ ਸੁਣਾਏ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ, ਸਰਬ ਧਰਮ ਸੰਮੇਲਨ, ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਢਾਡੀ ਅਤੇ ਕਵੀਸ਼ਰੀ ਦਰਬਾਰ, ਕੀਰਤਨ ਦਰਬਾਰ, ਗੁਰਬਾਣੀ ਕਥਾ ਪ੍ਰਵਾਹ ਅਤੇ ਡਰੋਨ ਸ਼ੋਅ ਵਰਗੇ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਖਾਲਸੇ ਦੀ ਜਨਮਭੂਮੀ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਨੂੰ ਸ਼ਰਧਾ ਸਤਿਕਾਰ ਭੇਟ ਕਰਨ। ਇਸ ਮੌਕੇ ਉਨ੍ਹਾਂ ਧਾਰਮਿਕ ਜਥਿਆਂ ਨੂੰ ਸਿਰੋਪੇ ਵੀ ਭੇਟ ਕੀਤੇ। ਇਸ ਮੌਕੇ ਐੱਸ ਡੀ ਐਮ ਮੁਹਾਲੀ ਦਮਨਦੀਪ ਕੌਰ, ਡੀ ਐਸ ਪੀ ਹਰਸਿਮਰਨ ਸਿੰਘ ਬੱਲ ਅਤੇ ਨਾਇਬ ਤਹਿਸੀਲਦਾਰ ਹਰਜੋਤ ਸਿੰਘ ਮੌਜੂਦ ਸਨ।
ਇਸੇ ਦੌਰਾਨ ਭਾਈ ਘਨੱਈਆ ਜੀ ਸਰਵਿਸ ਕੇਅਰ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਫੇਜ਼-5 ਦੇ ਪਾਰਕ ਵਿਚ ਸ਼ਹੀਦੀ ਸਮਾਗਮ ਕਰਵਾਏ ਗਏ। ਇਸ ਮੌਕੇ ਅਚਾਰੀਆ ਸਵਾਮੀ ਰਾਜੇਸ਼ਵਰ ਬੰਦ ਨੇ ਸੰਗਤ ਨੂੰ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੀ ਕੁਰਬਾਨੀ ਦਾ ਇਤਿਹਾਸ ਸੁਣਾਇਆ। ਸੁਸਾਇਟੀ ਦੇ ਚੇਅਰਮੈਨ ਕੇ ਕੇ ਸੈਣੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸੁੰਦਰ ਲਾਲ ਅਗਰਵਾਲ, ਵੀ ਕੇ ਗੋਇਲ, ਸੁਰਿੰਦਰ ਕੁਮਾਰ ਚੁੱਗ, ਅਮਨਦੀਪ, ਗੁਰਮੇਲ ਸਿੰਘ ਮੋਜੋਵਾਲ ਅਤੇ ਹਰਿੰਦਰਪਾਲ ਸਿੰਘ ਨੇ ਸ਼ਮੂਲੀਅਤ ਕੀਤੀ।
ਮੁੱਲਾਂਪੁਰ ਗਰੀਬਦਾਸ ਤੋਂ ਪਹਿਲੀ ਵਾਰ ਨਗਰ ਕੀਰਤਨ ਸਜਾਇਆ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਮੁੱਲਾਂਪੁਰ ਗਰੀਬਦਾਸ ਤੋਂ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਨਿਗਰਾਨੀ ਅਤੇ ਮੁੱਖ ਪ੍ਰਬੰਧਕ ਬਾਬਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਸਜਾਇਆ ਗਿਆ। ਬਾਬਾ ਮਲਕੀਤ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਸੰਚਾਲਕ ਮੁੱਖ ਪ੍ਰਬੰਧਕ ਬਾਬਾ ਰਣਜੀਤ ਸਿੰਘ ਨੇ ਦੱਸਿਆ ਕਿ ਰਤਵਾੜਾ ਸਾਹਿਬ ਵਾਲੇ ਸੰਤ ਬਾਬਾ ਵਰਿਆਮ ਸਿੰਘ ਤੇ ਮਾਤਾ ਰਣਜੀਤ ਕੌਰ ਦੇ ਅਸ਼ੀਰਵਾਦ ਸਦਕਾ ਇਹ ਪਹਿਲੀ ਵਾਰ ਨਗਰ ਕੀਰਤਨ ਪਿੰਡ ਮੁੱਲਾਂਪੁਰ ਗਰੀਬਦਾਸ ਤੋਂ ਸ਼ੁਰੂ ਹੋ ਕੇ ਪਿੰਡ ਫਿਰੋਜ਼ਪੁਰ ਬੰਗਰ, ਭੜੌਂਜੀਆਂ, ਈਕੋ ਸਿਟੀ, ਸਲਾਮਤਪੁਰ, ਢੋਡੇ ਮਾਜਰਾ, ਰਸੂਲਪੁਰ, ਰਾਣੀ ਮਾਜਰਾ, ਸੈਣੀ ਮਾਜਰਾ, ਪੈਂਤਪੁਰ, ਰਤਵਾੜਾ ਸਾਹਿਬ ਹੁੰਂਦਾ ਹੋਇਆ ਸ਼ਾਮ ਵੇਲੇ ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ਉਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਚੰਡੀਗੜ੍ਹ ’ਚ 19 ਨੂੰ ਪੁੱਜੇਗਾ ਨਗਰ ਕੀਰਤਨ
ਚੰਡੀਗੜ੍ਹ (ਕੁਲਦੀਪ ਸਿੰਘ): ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਅਸਾਮ ਦੇ ਧੋਬੜੀ ਸਾਹਿਬ ਗੁਰਦੁਆਰਾ ਤੋਂ ਚੱਲਿਆ ਹੋਇਆ ਨਗਰ ਕੀਰਤਨ 19 ਨਵੰਬਰ ਦੀ ਸ਼ਾਮ 4 ਵਜੇ ਚੰਡੀਗੜ੍ਹ ਵਿੱਚ ਦਾਖ਼ਲ ਹੋਵੇਗਾ। ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਨ ਸੰਗਠਨ ਦੇ ਚੇਅਰਮੈਨ ਤਾਰਾ ਸਿੰਘ ਅਤੇ ਸਕੱਤਰ ਜਨਰਲ ਰਘੂਬੀਰ ਸਿੰਘ ਰਾਮਪੁਰ ਨੇ ਦੱਸਿਆ ਕਿ ਇਹ ਨਗਰ ਕੀਰਤਨ ਪਟਿਆਲੇ ਤੋਂ ਚੱਲ ਕੇ ਨਾਭਾ ਸਾਹਿਬ ਤੋਂ ਦੀ ਹੁੰਦਾ ਹੋਇਆ ਏਅਰਪੋਰਟ ਵਾਲੀ ਸਾਈਡ ਸੈਕਟਰ 48 ਮੁਹਾਲੀ ਮਾਰਕੀਟ ਤੋਂ ਹੁੰਦਾ ਹੋਇਆ ਚੰਡੀਗੜ੍ਹ ਵਿੱਚ ਦਾਖ਼ਲ ਹੋਵੇਗਾ। ਸੈਕਟਰ 48-ਬੀ, 47-48 ਦੀ ਵਿਚਕਾਰਲੀ ਸੜਕ (ਜੋ ਕਿ ਸੈਕਟਰ 43 ਬੱਸ ਸਟੈਂਡ ਨੂੰ ਜਾਂਦੀ ਹੈ) ’ਤੇ ਟੈਂਟ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ 19 ਨਵੰਬਰ ਦੀ ਸ਼ਾਮ 4 ਵਜੇ ਕੀਤੇ ਜਾਣ ਵਾਲੇ ਸਵਾਗਤੀ ਸਮਾਗਮ ਵਿੱਚ ਪਹੁੰਚਣ।
