ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਅਗਲੇ ਪੜਾਅ ਵੱਲ ਰਵਾਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਤਾਬਦੀ ਸਬੰਧੀ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਲਈ ਰਵਾਨਾ ਹੋਇਆ।
ਆਰੰਭਤਾ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਮੁੱਖਵਾਕ ਅਤੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਅਰਦਾਸ ਉਪਰੰਤ ਹੋਈ। ਇਸ ਦੀ ਅਗਵਾਈ ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ ਅਤੇ ਗੁਰੂ ਮਹਾਰਾਜ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਅਦਬ ਅਤੇ ਸਤਿਕਾਰ ਨਾਲ ਪਾਲਕੀ ਵਿਚ ਸੁਸ਼ੋਭਿਤ ਕੀਤਾ।
ਹੈਡ ਗ੍ਰੰਥੀ ਗਿਆਨੀ ਪਿਰਤਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਸ਼ਤਾਬਦੀ ਸਮਾਗਮਾਂ ਨੂੰ ਵੱਡੇ ਪੱਧਰ ’ਤੇ ਮਨਾ ਰਹੀ ਹੈ ਸਾਡਾ ਫ਼ਰਜ ਹੈ ਕਿ ਗੁਰੂ ਸਾਹਿਬ ਦੇ ਫ਼ਲਸਫੇ ਨੂੰ ਘਰ-ਘਰ ਪਹੁੰਚਾਈਏ। ਗਿਆਨੀ ਹਰਪਾਲ ਸਿੰਘ ਨੇ ਗੁਰੂ ਸਾਹਿਬ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਬਾਰੇ ਵਿਸਥਾਰ ’ਚ ਦਸਦੇ ਹੋਏ ਇਸ ਤੋਂ ਸੇਧ ਲੈਣ ਦੀ ਅਪੀਲ ਕੀਤੀ।
