ਪਟਨਾ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਪੰਜਾਬ ਪਹੁੰਚਿਆ
ਤਖ਼ਤ ਸ੍ਰੀ ਪਟਨਾ ਸਾਹਿਬ ਤੋਂ 17 ਸਤੰਬਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਬਾ ਦੀਪ ਸਿੰਘ ਵਾਲੀ ਹੱਥ ਲਿਖਤ ਬੀੜ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਅਤੇ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਲਈ ਪੰਜ ਪਿਆਰਿਆਂ ਦੀ ਅਗਵਾਈ ਅਤੇ ਭਾਈ ਨਰਾਇਣ ਸਿੰਘ ਤੇ ਭਾਈ ਪਪਿੰਦਰ ਸਿੰਘ ਦੀ ਦੇਖ-ਰੇਖ ਹੇਠ ਚੱਲਿਆ ਨਗਰ ਕੀਰਤਨ ਵੱਖ-ਵੱਖ ਰਾਜਾਂ ਵਿੱਚੋਂ ਹੁੰਦਾ ਹੋਇਆ ਅੱਜ ਸ਼ੰਭੂ ਬਾਰਡਰ ਰਾਹੀਂ ਪੰਜਾਬ ਪਹੁੰਚ ਗਿਆ। ਨਗਰ ਕੀਰਤਨ ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਵਿਚੋਂ ਹੁੰਦਾ ਹੋਇਆ 27 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਪਹੁੰਚ ਕੇ ਸਮਾਪਤ ਹੋਵੇਗਾ।
ਸ਼ੰਭੂ ਤੋਂ ਰਾਜਪੁਰਾ ਹੁੰਦਾ ਹੋਇਆ ਨਗਰ ਕੀਰਤਨ ਬਨੂੜ ਪਹੁੰਚਿਆ, ਜਿੱਥੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਚਰਨਜੀਤ ਸਿੰਘ ਬਰਾੜ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ ਅਤੇ ਮਾਲਵਿੰਦਰ ਸਿੰਘ ਬੈਨੀਪਾਲ ਤੇ ਹੋਰਨਾਂ ਨੇ ਸਵਾਗਤ ਕੀਤਾ। ਇਸ ਮਗਰੋਂ ਪਿੰਡ ਬਸੀ ਈਸੇ ਖਾਂ ਅਤੇ ਕਰਾਲਾ ਵਿੱਚ ਵੀ ਸਥਾਨਕ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮਗਰੋਂ ਨਗਰ ਕੀਰਤਨ ਛੱਤ ਲਾਈਟਾਂ ਤੋਂ ਏਅਰਪੋਰਟ ਚੌਕ ਨੂੰ ਹੁੰਦਾ ਹੋਇਆ ਸ਼ਾਮ ਸਮੇਂ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਪਹੁੰਚਿਆ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਐਡਵੋਕਟ ਪਰਮਜੀਤ ਕੌਰ ਲਾਂਡਰਾਂ ਦੀ ਅਗਵਾਈ ਹੇਠ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਸੋਹਾਣਾ ਦੀ ਗੁਰਦੁਆਰਾ ਕਮੇਟੀ ਵੱਲੋਂ ਨਗਰ ਕੀਰਤਨ ਵਿਚ ਸ਼ਾਮਲ ਪੰਜ ਪਿਆਰਿਆਂ ਦਾ ਪ੍ਰਬੰਧਕਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨ ਕੀਤਾ ਗਿਆ। ਵੱਡੀ ਗਿਣਤੀ ਸੰਗਤ ਨੇ ਪੁਰਾਤਨ ਬੀੜ, ਸਾਸ਼ਤਰਾਂ ਤੇ ਨਿਸ਼ਾਨੀਆਂ ਦੇ ਦਰਸ਼ਨ ਕੀਤੇ।
ਬੀਬੀ ਲਾਂਡਰਾਂ, ਚਰਨਜੀਤ ਬਰਾੜ, ਨਿਰਮੈਲ ਜੌਲਾ ਅਤੇ ਬੈਨੀਪਾਲ ਨੇ ਦੱਸਿਆ ਕਿ ਨਗਰ ਕੀਰਤਨ ਸਵੇਰੇ ਅੱਠ ਵਜੇ ਅਰਦਾਸ ਕਰਨ ਉਪਰੰਤ ਸੋਹਾਣਾ ਤੋਂ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲਾਂਡਰਾਂ ਤੋਂ ਫ਼ਤਹਿਗੜ੍ਹ ਸਾਹਿਬ ਹੁੰਦਾ ਹੋਇਆ ਨਗਰ ਕੀਰਤਨ ਰਾਤ ਦਾ ਠਹਿਰਾਅ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿੱਚ ਕਰੇਗਾ ਅਤੇ 23 ਅਕਤੂਬਰ ਨੂੰ ਪਟਿਆਲੇ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਲਈ ਜਾਵੇਗਾ।