ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। -ਫੋਟੋ: ਕੁਲਦੀਪ ਸਿੰਘ ਚੰਡੀਗੜ੍ਹ: ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੈਕਟਰ-40 ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਤੋਂ ਸਜਾਇਆ ਗਿਆ। ਇਹ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਮਾਰਕੀਟਾਂ ਅਤੇ ਗੁਰਦੁਆਰਿਆਂ...
Advertisement
ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। -ਫੋਟੋ: ਕੁਲਦੀਪ ਸਿੰਘ

ਚੰਡੀਗੜ੍ਹ: ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੈਕਟਰ-40 ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਤੋਂ ਸਜਾਇਆ ਗਿਆ। ਇਹ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਮਾਰਕੀਟਾਂ ਅਤੇ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਸੈਕਟਰ-20 ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਖੇੜੀ ਵਿੱਚ ਜਾ ਕੇ ਸੰਪੂਰਨ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਟਰ-40 ਦੇ ਪ੍ਰਧਾਨ ਜਸਵੀਰ ਸਿੰਘ ਅਤੇ ਸਮੂਹ ਕਮੇਟੀ ਸਣੇ ਇਸਤਰੀ ਸਤਿਸੰਗ ਜਥੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਨਗਰ ਕੀਰਤਨ ਦਾ ਰਸਤੇ ਦੇ ਵਿੱਚ ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਵਾਗਤ ਕੀਤਾ ਗਿਆ। ਸੈਕਟਰ-41 ਦੀ ਮਾਰਕੀਟ ਵਿੱਚ ਨਗਰ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਹੇਠ ਸੰਗਤ ਨੇ ਛਬੀਲ ਲਗਾਈ ਤੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ। ਨਗਰ ਕੀਰਤਨ ਵਿੱਚ ਚੰਡੀਗੜ੍ਹ ਸਮੂਹ ਗੁਰਦੁਆਰਾ ਸੰਗਠਨ ਦੇ ਚੇਅਰਮੈਨ ਤਾਰਾ ਸਿੰਘ, ਜਨਰਲ ਸਕੱਤਰ ਰਘਬੀਰ ਸਿੰਘ ਰਾਮਪੁਰ ਸਣੇ ਗੁਰਿੰਦਰਬੀਰ ਸਿੰਘ ਹੈਪੀ, ਚਰਨਜੀਤ ਸਿੰਘ, ਅਜੀਤ ਸਿੰਘ ਆਦਿ ਵੀ ਸ਼ਾਮਿਲ ਹੋਏ। -ਪੱਤਰ ਪ੍ਰੇਰਕ

ਸਰਵਹਿੱਤਕਾਰੀ ਵਿਦਿਆ ਮੰਦਰ ’ਚ ਸ਼ਹੀਦੀ ਪੁਰਬ ਮਨਾਇਆ

ਖਮਾਣੋਂ: ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿੱਚ ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਸਮਰਪਿਤ ਸ਼ਬਦ ਕੀਰਤਨ ਕਰਵਾਇਆ ਗਿਆ। ਸਕੂਲ ਵਿੱਚ ਪਰਮਜੀਤ ਸਿੰਘ ਪਾਰਸ ਫਰੌਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਸ਼ਹੀਦੀ ਬਾਰੇ ਦੱਸਿਆ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕੀਤਾ ਤੇ ਵਿਦਿਆਰਥੀਆਂ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਛਬੀਲ ਵੀ ਲਗਾਈ ਗਈ। -ਨਿੱਜੀ ਪੱਤਰ ਪ੍ਰੇਰਕ

Advertisement

ਬਿਜਲੀ ਨਾ ਮਿਲਣ ਕਾਰਨ ਸਬਜ਼ੀਆਂ ਤੇ ਚਾਰੇ ਸੁੱਕਣ ਲੱਗੇ: ਮੱਛਲੀ ਕਲਾਂ

ਐੱਸਏਐੱਸ ਨਗਰ(ਮੁਹਾਲੀ): ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਖੇਤੀਬਾੜੀ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦੀ ਝੋਨੇ ਦੀ ਪਨੀਰੀ, ਹਰਾ ਚਾਰਾ ਅਤੇ ਸਬਜ਼ੀਆਂ ਦੀਆਂ ਵੇਲਾਂ ਤੇ ਬੂੱਟੇ ਸੁੱਕਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਗੋ ਮਾਜਰਾ, ਬੈਰੋਂਪੁਰ, ਮੌਜਪੁਰ, ਭਾਰਤਪੁਰ, ਸ਼ਾਮਪੁਰ, ਲਾਂਡਰਾਂ, ਰਾਏਪੁਰ ਕਲਾਂ, ਬਠਲਾਣਾ, ਗੁਡਾਣਾ, ਧੀਰਪੁਰ, ਸ਼ਾਮਪੁਰ, ਗੋਬਿੰਦਗੜ੍ਹ ਆਦਿ ਸਮੁੱਚੇ ਪਿੰਡਾਂ ਵਿਚ ਪਿਛਲੇ ਦਿਨੀਂ ਆਈ ਹਨੇਰੀ ਤੋਂ ਬਾਅਦ ਪਾਵਰ ਸਪਲਾਈ ਚਾਲੂ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਜੇਈ ਅਤੇ ਹੋਰ ਕਰਮਚਾਰੀ ਖ਼ਪਤਕਾਰਾਂ ਦੇ ਫੋਨ ਸੁਣਨ ਤੋਂ ਇਨਕਾਰੀ ਹਨ। -ਖੇਤਰੀ ਪ੍ਰਤੀਨਿਧ

ਪਿਪਸ ਸਕੂਲ ਵਿੱਚ ‘ਛੇਵਾਂ ਦਰਿਆ’ ਨਾਟਕ ਖੇਡਿਆ

ਚਮਕੌਰ ਸਾਹਿਬ: ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਸ਼ਿਆਂ ਦੇ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਨਾਟਕ ‘ਛੇਵਾਂ ਦਰਿਆ’ ਖੇਡਿਆ ਗਿਆ। ਇਸ ਨਾਟਕ ਵਿੱਚ ਅੱਠਵੀਂ ਤੋਂ ਬਾਰ੍ਹਵੀਂ ਦੇ 12 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਉਪਰੰਤ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਸ਼ਿਆਂ ਦੇ ਵਿਰੁੱਧ ਲਾਮਬੰਦ ਹੋਣ ਦਾ ਪ੍ਰਣ ਕੀਤਾ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ। ਸਕੂਲ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਲਈ ਪ੍ਰੇਰਿਆ। -ਨਿੱਜੀ ਪੱਤਰ ਪ੍ਰੇਰਕ

ਨਰਿੰਦਰ ਕੌਰ ਸਰਬਸੰਮਤੀ ਨਾਲ ਚੇਅਰਪਰਸਨ ਚੁਣੇ

ਬਨੂੜ: ਸਰਕਾਰੀ ਹਾਈ ਸਕੂਲ ਦੇਵੀਨਗਰ (ਅਬਰਾਵਾਂ) ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਨਰਿੰਦਰ ਕੌਰ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਚੁਣਿਆ ਗਿਆ। ਸਰਪੰਚ ਗੁਰਚਰਨ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਜਸਵਿੰਦਰ ਕੌਰ, ਹਰਵਿੰਦਰ ਸਿੰਘ, ਜਗਤਾਰ ਸਿੰਘ, ਮਨਜੀਤ ਕੌਰ, ਸੰਦੀਪ ਕੌਰ, ਅਨੀਤਾ ਰਾਣੀ, ਪਰਮਜੀਤ ਕੌਰ, ਤਰਸੇਮ ਸਿੰਘ, ਜਸਵੀਰ ਕੌਰ, ਨਮਨੀਤ ਕੌਰ, ਮਿਸ ਛਾਇਆ, ਅਮਰੀਕ ਸਿੰਘ, ਸੁਰਜੀਤ ਸਿੰਘ ਅਤੇ ਸਕੂਲ ਮੁਖੀ ਪਿੰਕੀ ਵਸ਼ਿਸ਼ਟ ਨੂੰ ਮੈਂਬਰ ਚੁਣਿਆ ਗਿਆ। -ਪੱਤਰ ਪ੍ਰੇਰਕ

ਆਰਬੀਯੂ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੈਸ਼ਨ

ਖਰੜ: ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ ਨੇ ਸਿੱਖਿਆ ਅਤੇ ਕਾਰਪੋਰੇਟ ਸਿਖਲਾਈ ਖੇਤਰ ਤੋਂ ਮਾਹਿਰ ਅੰਮ੍ਰਿਤਾ ਦੀ ਅਗਵਾਈ ਵਿੱਚ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ। ਸਕੂਲ ਆਫ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ ਦੇ ਡੀਨ ਡਾ. ਇੰਦਰਪ੍ਰੀਤ ਕੌਰ ਨੇ ਲਿਬਰਲ ਆਰਟਸ ਵਿੱਚ ਤਕਨਾਲੋਜੀ ਦੇ ਏਕੀਕਰਨ ’ਤੇ ਚਾਨਣਾ ਪਾਇਆ ਕਿਉਂਕਿ ਇਹ ਸਿੱਖਣ ਦੇ ਤਜਰਬੇ ਨੂੰ ਮਜ਼ਬੂਤ ਬਣਾਉਂਦਾ ਹੈ, ਹੁਨਰ ਵਿੱਚ ਵਾਧਾ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਗ੍ਰੈਜੂਏਟ ਡਿਜੀਟਲ ਯੁੱਗ ਦੀਆਂ ਜਟਿਲਤਾਵਾਂ ਲਈ ਚੰਗੀ ਤਰ੍ਹਾਂ ਤਿਆਰ ਹੋਣ। ਇਹ ਸੈਸ਼ਨ ਵਿਦਿਆਰਥੀਆਂ ਲਈ ਭਰਪੂਰ ਜਾਣਕਾਰੀ ਦਾ ਅਨੁਭਵ ਸੀ। -ਪੱਤਰ ਪ੍ਰੇਰਕ

ਸੀਤਲਾ ਮਾਤਾ ਮੇਲੇ ’ਚ ਵੱਡੀ ਗਿਣਤੀ ਸ਼ਰਧਾਲੂ ਪੁੱਜੇ

ਫ਼ਤਹਿਗੜ੍ਹ ਸਾਹਿਬ: ਮਦਰਾਸੀ ਕਲੋਨੀ ਸਰਹਿੰਦ ਵਿੱਚ ਸ੍ਰੀ ਦੇਵੀ ਕਰੂਮਾਰੀ ਅੰਮਾਂ ਸ਼ੀਤਲਾ ਮਾਤਾ ਦੇ 57ਵੇਂ ਮੇਲੇ ਵਿੱਚ ਤਾਮਿਲਨਾਡੂ ਵਾਸੀਆਂ ਸਣੇ ਹੋਰ ਵੱਡੀ ਗਿਣਤੀ ਸ਼ਰਧਾਲੂ ਪੁੱਜੇ। ਭਗਤਾਂ ਨੇ ਦਗਦੇ ਕੋਲਿਆਂ ’ਤੇ ਨੰਗੇ ਪੈਰ ਚੱਲ ਕੇ ਦੇਵੀ ਕਰੂਮਾਰੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ‘ਆਪ’ ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਪ੍ਰਧਾਨ ਰਾਮੂ ਕੁਮਾਰ, ਪੁਜਾਰੀ ਅਰਜੁਨ ਅਤੇ ਵਾਸੂ ਆਦਿ ਨੇ ਸ੍ਰੀ ਢਿੱਲੋਂ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ। ਮੇਲੇ ਵਿੱਚ ਲੰਗਰ ਅਤੇ ਛਬੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement