ਨਾਟ ਉਤਸਵ: ‘ਗਿਲੀਗੁਡੂ’ ਦੀ ਪੇਸ਼ਕਾਰੀ
ਸੁਚੇਤਕ ਰੰਗਮੰਚ ਵੱਲੋਂ ਕਰਵਾਏ ਜਾ ਰਹੇ 22ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਤੀਜੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਪੰਜਾਬ ਕਲਾ ਭਵਨ ਚੰਡੀਗੜ੍ਹ ’ਚ ‘ਗਿਲੀਗੁਡੂ’ ਨਾਟਕ ਖੇਡਿਆ ਗਿਆ। ਉਨ੍ਹਾਂ ਨੇ ਹੀ ਚਿਤਰਾ ਮੁਦਗਿਲ ਦੀ ਹਿੰਦੀ ਕਹਾਣੀ ਦਾ ਨਾਟਕੀ ਰੂਪਾਂਤਰ ਕੀਤਾ ਹੈ। ਇਹ ਨਾਟਕ ਦੋ ਸੇਵਾਮੁਕਤ ਬਜ਼ੁਰਗਾਂ ਦੀ ਕਹਾਣੀ ਬਿਆਨ ਕਰਦਾ ਹੈ, ਜੋ ਆਪਣੀ-ਆਪਣੀ ਜ਼ਿੰਦਗੀ ਅਲੱਗ-ਅਲੱਗ ਢੰਗ ਨਾਲ ਜੀਅ ਰਹੇ ਹਨ। ਇਹ ਨਾਟਕ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਿਹਾ ਸੀ ਤੇ ਨਵੀਂ ਪੀੜ੍ਹੀ ਨੂੰ ਇੱਕ ਸਮਾਜਿਕ ਸੁਨੇਹਾ ਵੀ ਦੇ ਰਿਹਾ ਰਿਹਾ ਸੀ। ਨਾਟਕ ਦੇ ਬਜ਼ੁਰਗ ਕਿਰਦਾਰ, ਜੋ ਅਕਸਰ ਮਿਲਦੇ ਹਨ, ਉਨ੍ਹਾਂ ਦੇ ਘਰੇਲੂ ਹਾਲਾਤ ਬਿਲਕੁਲ ਵੱਖਰੇ-ਵੱਖਰੇ ਹਨ। ਨਾਟਕ ਬਜ਼ੁਰਗਾਂ ਦੇ ਜੀਵਨ ਦਾ ਸਿਰਫ ਖਾਕਾ ਹੀ ਨਹੀਂ ਨਹੀਂ ਹੈ, ਬਲਕਿ ਨਵੇਂ ਬਣ ਰਹੇ ਸਮਾਜ ਦੀ ਕੌੜੀ ਸੱਚਾਈ ਹੈ, ਜਿਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸੱਚ ਹੈ ਕਿ ਨਵੀਂ ਪੀੜ੍ਹੀ, ਬਜ਼ੁਰਗਾਂ ਨੂੰ ਘਰਾਂ ‘ਚ ਸਨਮਾਨ ਨਹੀਂ ਦੇ ਰਹੀ; ਜਦੋਂ ਉਨ੍ਹਾਂ ਨੂੰ ਪਰਿਵਾਰ ਦੀ ਸਭ ਤੋਂ ਵੱਧ ਲੋੜ ਹੈ, ਓਦੋਂ ਉਨ੍ਹਾਂ ਨੂੰ ਇਕੱਲਤਾ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਹ ਵੀ ਸੱਚ ਹੈ ਕਿ ਨੌਜਵਾਨ ਪੀੜ੍ਹੀ ਜਿਨ੍ਹਾਂ ਸਿਧਾਂਤਾਂ ਤੇ ਸ਼ਰਤਾਂ ਨਾਲ ਆਪਣਾ ਜੀਵਨ ਬਤੀਤ ਕਰ ਰਹੀ ਹੈ, ਉਨ੍ਹਾਂ ਦਾ ਬਜ਼ੁਰਗਾਂ ਦੀਆਂ ਪੁਰਾਣੀਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਤਿੱਖਾ ਤਣਾਆ ਹੈ। ਇਸ ਬਦਲਦੀ ਗਤੀਸ਼ੀਲਤਾ ਨੂੰ ਸੂਖਮਤਾ ਨਾਲ ਬਿਆਨ ਕਰਨਾ ਨਾਟਕ ਦੀ ਪ੍ਰਾਪਤੀ ਹੈ। ਨਾਟਕ ਵਿੱਚ ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਕਰਨਲ ਦੀ ਭੂਮਿਕਾ ਗੁਰਦਿੱਤ ਪਹੇਸ਼ ਨੇ ਤੇਲਗੂ ਰੰਗਤ ਵਾਲੀ ਹਿੰਦੀ ਭਾਸ਼ਾ ਨਾਲ ਪੇਸ਼ ਕਰਕੇ ਲੋਕਾਂ ਨੂੰ ਅਚੰਭਿਤ ਕਰ ਦਿੱਤਾ। ਫਤਹਿ ਸੋਹੀ ਨੇ ਸੁਰਜੀਤ ਦਾ ਰੋਲ ਪਾਤਰ ਨਾਲ ਇੱਕ-ਮਿੱਕ ਹੋ ਕੇ ਨਿਭਾਇਆ। ਸਿਮਰਜੀਤ ਤੇ ਵਿਸ਼ਾਲ ਸੋਨਵਾਲ ਨੇ ਵੀ ਦਰਸ਼ਕਾਂ ‘’ਤੇ ਪ੍ਰਭਾਵ ਛੱਡਿਆ ਹੈ।
