ਸੰਗੀਤਕਾਰ ਚਰਨਜੀਤ ਅਹੂਜਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਸੰਗੀਤ ਦੇ ਬਾਦਸ਼ਾਹ ਨਾਮਵਰ ਸੰਗੀਤਕਾਰ ਚਰਨਜੀਤ ਅਹੂਜਾ, ਜਿਨ੍ਹਾਂ ਦਾ 72 ਸਾਲ ਦੀ ਉਮਰ ਵਿਚ ਬੀਤੀ ਸ਼ਾਮ ਦੇਹਾਂਤ ਹੋ ਗਿਆ ਸੀ ਨੂੰ ਅੱਜ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਅਤੇ ਗਮਗੀਨ ਮਾਹੌਲ ਵਿਚ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਇੱਥੇ ਬਲੌਂਗੀ ਵਿਚਲੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਇਸ ਮੌਕੇ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸਚਿਨ ਅਹੂਜਾ ਨੇ ਦਿਖਾਈ। ਇਸ ਮੌਕੇ ਉਨ੍ਹਾਂ ਦੀ ਪਤਨੀ ਸੰਗੀਤਾ ਅਹੂਜਾ, ਪੁੱਤਰ ਪੰਕਜ ਅਹੂਜਾ, ਲਵ ਅਹੂਜਾ, ਕੁਸ਼ ਅਹੂਜਾ ਹਾਜ਼ਰ ਸਨ। ਉਨ੍ਹਾਂ ਦੀ ਦੇਹ ਨੂੰ ਦੁਪਹਿਰੇ ਇੱਕ ਵਜੇ ਦੇ ਕਰੀਬ ਸ਼ਮਸ਼ਾਨਘਾਟ ਲਿਆਂਦਾ ਗਿਆ।ਇਸ ਮੌਕੇ ਗਾਇਕ ਹੰਸ ਰਾਜ ਹੰਸ, ਜਸਵੀਰ ਜੱਸੀ, ਗਿੱਪੀ ਗਰੇਵਾਲ, ਨਵਰਾਜ ਹੰਸ, ਕਰਮਜੀਤ ਅਨਮੋਲ, ਬਾਲ ਮੁਕੰਦ ਸ਼ਰਮਾ, ਗਾਇਕ ਹਰਦੀਪ, ਪੰਮੀ ਬਾਈ, ਸੁਰਜੀਤ ਖਾਨ, ਦੁਰਗਾ ਰੰਗੀਲਾ, ਅਮਰਜੀਤ ਬਾਈ, ਸਤਵਿੰਦਰ ਬੁੱਗਾ, ਸੁੱਖੀ ਬਰਾੜ, ਰਵਿੰਦਰ ਗਰੇਵਾਲ, ਕੁਲਵਿੰਦਰ ਬਿੱਲਾ, ਬਿਲ ਸਿੰਘ, ਜਗਤਾਰ ਜੱਗਾ, ਅਸ਼ੋਕ ਹੁਸ਼ਿਆਰਪੁਰੀ, ਕੁਲਵੰਤ ਗਿੱਲ, ਰਾਖੀ ਹੁੰਦਲ, ਹਰਬੰਸ ਸਹੋਤਾ, ਲਾਭ ਹੀਰਾ, ਸੁਖਵਿੰਦਰ ਸੁਖੀ, ਦਰਸ਼ਨ ਔਲਖ , ਗੌਤਮ, ਕੁਲਦੀਪ ਦੀਪ, ਰਣਜੀਤ ਰਾਣਾ, ਸੁਭਾਸ਼ ਬਾਬੂ, ਜਸਪਾਲ ਸਿੰਘ ਤਾਨ ਵਿੱਕੀ ਮੋਦੀ ਵਿਵੇਕ ਤੁਲੀ, ਸਤਿਨਾਮ ਪੰਜਾਬੀ, ਡੈਜੀ ਸਿੰਘ, ਜੈਲੀ, ਰੋਮੀ, ਅਸ਼ੋਕ ਮਸਤੀ, ਸੰਜੀਵ ਅਨੰਦ, ਪੱਪਾ ਰਾਜਵਾਲੀਆ, ਗੁਰਪਾਲ ਮੁਟਿਆਰ, ਪਰਮਜੀਤ ਪੰਨੂ, ਗੀਤਕਾਰ ਸ਼ਮਸ਼ੇਰ ਸੰਧੂ, ਬਚਨ ਬੇਦਿਲ, ਦਵਿੰਦਰ ਖੰਨੇ ਵਾਲਾ ਤੇ ਭੱਟੀ ਭੜੀ ਵਾਲਾ, ਅਸ਼ਵਨੀ ਸੰਭਾਲਕੀ, ਸਾਬਕਾ ਵਿਧਾਇਕ ਜੀ ਪੀ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ ਹਾਜ਼ਰ ਸਨ।
ਕੈਬਨਿਟ ਮੰਤਰੀ ਸੌਂਦ ਨੇ ਦੁੱਖ ਪ੍ਰਗਟਾਇਆ
ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਗੀਤਕਾਰ ਚਰਨਜੀਤ ਅਹੂਜਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸੰਗੀਤ ਦੇ ਇੱਕ ਦੌਰ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਅਹੂਜਾ ਦੀਆਂ ਸੰਗੀਤਕ ਧੁਨਾਂ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਕੰਨਾਂ ਵਿਚ ਗੂੰਜਦੀਆਂ ਰਹਿਣਗੀਆਂ।