ਸਕਾਈ ਲਾਰਕ ਦੀ ਮਾਰਕੀਟ ਵਿੱਚ ਨੌਜਵਾਨ ਦਾ ਕਤਲ
ਮ੍ਰਿਤਕ ਦੀ ਪਤਨੀ ਦੇ ਬਿਅਾਨ ’ਤੇ ਵਕੀਲ ਖ਼ਿਲਾਫ਼ ਕੇਸ ਦਰਜ
Advertisement
ਖਰੜ-ਲਾਂਡਰਾ ਰੋਡ ’ਤੇ ਸਥਿਤ ਸਕਾਈ ਲਾਰਕ ਦੀ ਮਾਰਕੀਟ ਵਿੱਚ ਝਗੜੇ ਦੌਰਾਨ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਉਰਫ ਹਨੀ ਵਾਸੀ ਸਕਾਈ ਲਾਰਕ ਵਜੋਂ ਜਦਕਿ ਜ਼ਖ਼ਮੀ ਦੀ ਪਛਾਣ ਲੱਕੀ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਮੁਕੰਦ ਭਾਸਕਰ ਪੇਸ਼ੇ ਤੋਂ ਵਕੀਲ ਹੈ। ਮ੍ਰਿਤਕ ਦੀ ਪਤਨੀ ਮੋਨਿਕਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਤੀ ਹਰਵਿੰਦਰ ਸਿੰਘ ਪ੍ਰਾਪਰਟੀ ਡੀਲਰ ਸੀ ਤੇ ਰਾਤੀ ਵੇਲੇ ਘਰ ਤੋਂ ਰਿਲਾਇੰਸ ਸਟੋਰ ਤੋਂ ਬੱਚੇ ਦਾ ਬੈਗ ਲੈਣ ਲਈ ਗਿਆ ਸੀ। ਜਦੋਂ ਉਸ ਨੇ ਆਪਣੇ ਪਤੀ ਨੂੰ 10 ਵਜੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਸ਼ਿਵਾਲਿਕ ਸਿਟੀ ਆਪਣੇ ਦੋਸਤ ਲਕੀ ਦੇ ਕੋਲ ਹੈ। ਇਸ ਤੋਂ ਬਾਅਦ ਉਸ ਦੇ ਪਤੀ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਸਵੇਰੇ ਲੱਕੀ ਨੂੰ ਫੋਨ ਕੀਤਾ ਤਾਂ ਕਿਸੇ ਨਾਮਾਲੂਮ ਵਿਅਕਤੀ ਨੇ ਫੋਨ ਚੁੱਕਿਆ ਤੇ ਕਿਹਾ ਕਿ ਸਕਾਈ ਲਾਰਕ ਦੇ ਗੇਟ ’ਤੇ ਆ ਜਾਓ। ਜਦੋਂ ਉਹ ਆਪਣੇ ਵਾਰਸਾ ਨਾਲ ਉੱਥੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਮੌਕੇ ’ਤੇ ਉਸ ਦੇ ਪਤੀ ਹਰਵਿੰਦਰ ਸਿੰਘ ਉਰਫ ਹਨੀ ਖੂਨ ਨਾਲ ਲੱਥਪੱਥ ਜ਼ਮੀਨ ’ਤੇ ਡਿੱਗਿਆ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਲੱਕੀ ਵੀ ਖੂਨ ਨਾਲ ਲੱਥਪੱਥ ਸੀ ਜਿਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।
Advertisement
ਇਸ ਸਬੰਧੀ ਡੀ ਐੱਸ ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮੋਨਿਕਾ ਦੇ ਬਿਆਨਾਂ ’ਤੇ ਮੁਕੰਦ ਭਾਸਕਰ ਵਕੀਲ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement